ਨਵੀਂ ਦਿੱਲੀ : ਲਗਪਗ ਦੋ ਸਾਲ ਪਹਿਲਾਂ ਦਿੱਲੀ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਹੋਏ ਪ੍ਰਦਰਸ਼ਨ ਕਾਰਨ ਦੇਸ਼ ਭਰ 'ਚ ਸੁਰਖੀਆਂ 'ਚ ਆਇਆ ਸ਼ਾਹੀਨ ਬਾਗ ਹੁਣ ਇੱਕ ਵਾਰ ਫਿਰ ਤੋਂ ਹੰਗਾਮੇ ਕਰ ਕੇ ਸੁਰਖੀਆਂ 'ਚ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਹੰਗਾਮੇ ਦਾ ਕਾਰਨ ਬਣਿਆ ਹੈ ਐਮਸੀਡੀ ਦਾ ਬੁਲਡੋਜ਼ਰ। ਸੋਮਵਾਰ ਤੋਂ ਇੱਥੋਂ ਕਬਜੇ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਣੀ ਸੀ। ਇਸ ਲਈ ਜਿਵੇਂ ਹੀ ਐਮਸੀਡੀ ਦੇ ਬੁਲਡੋਜ਼ਰ ਸ਼ਾਹੀਨ ਬਾਗ ਪਹੁੰਚੇ ਤਾਂ ਹੰਗਾਮਾ ਸ਼ੁਰੂ ਹੋ ਗਿਆ।
ਲੋਕਾਂ ਦੇ ਵਿਰੋਧ ਤੋਂ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਐਮਸੀਡੀ ਦਾ ਬੁਲਡੋਜ਼ਰ ਵਾਪਸ ਚਲਾ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇੱਥੇ ਤਿਰੰਗਾ ਲਹਿਰਾਇਆ। ਇਸ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਯਾਨੀ ਸੀਪੀਆਈਐਮ ਨੇ ਸ਼ਾਹੀਨ ਬਾਗ ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਟੀਸ਼ਨ ਕਿਸੇ ਸਿਆਸੀ ਪਾਰਟੀ ਵੱਲੋਂ ਦਾਇਰ ਕੀਤੀ ਗਈ ਸੀ ਨਾ ਕਿ ਕਿਸੇ ਪ੍ਰਭਾਵਿਤ ਧਿਰ ਵੱਲੋਂ।