ਬਿਜਨੈੱਸ ਡੈਸਕ : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਹੋਰ ਕਮਜ਼ੋਰ ਹੋ ਗਿਆ। ਜੋ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 77.42 ਤਕ ਪਹੁੰਚ ਗਿਆ ਜੋ ਕਿ ਰੁਪਏ ਦਾ ਹੁਣ ਤਕ ਦਾ ਸਭ ਤੋਂ ਹੇਠਲਾ ਪੱਧਰ ਹੈ। ਅਜਿਹਾ ਵਿਦੇਸ਼ੀ ਬਾਜ਼ਾਰ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਤੇ ਵਿਦੇਸ਼ੀ ਫੰਡਾਂ ਦੇ ਬਾਹਰ ਆਉਣ ਕਾਰਨ ਹੋਇਆ ਹੈ। ਇੰਟਰਬੈਂਕ ਵਿਦੇਸ਼ੀ ਮੁਦਰਾ 'ਤੇ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.17 'ਤੇ ਖੁੱਲ੍ਹਿਆ ਅਤੇ ਫਿਰ ਇਸ ਦੇ ਪਿਛਲੇ ਬੰਦ ਨਾਲੋਂ 52 ਪੈਸੇ ਦੀ ਗਿਰਾਵਟ ਨਾਲ 77.42 'ਤੇ ਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 55 ਪੈਸੇ ਟੁੱਟ ਕੇ 76.90 ਦੇ ਪੱਧਰ 'ਤੇ ਬੰਦ ਹੋਇਆ ਸੀ।