ED Raid IAS Pooja Singhal: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਵਿੱਚ ਮਨਰੇਗਾ ਫੰਡਾਂ ਵਿੱਚ 18 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਗਬਨ ਦੇ ਮਾਮਲੇ ਵਿੱਚ ਝਾਰਖੰਡ ਦੀ ਮਾਈਨਿੰਗ ਸਕੱਤਰ ਪੂਜਾ ਸਿੰਘਲ ਤੇ ਉਸ ਦੇ ਪਰਿਵਾਰ ਦੇ ਅਹਾਤੇ ਸਮੇਤ ਕਈ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ। ਏਜੰਸੀ ਨੂੰ ਰਾਂਚੀ 'ਚ ਦੋ ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ ਕੁੱਲ 19.31 ਕਰੋੜ ਰੁਪਏ ਦੀ ਨਕਦੀ ਮਿਲੀ ਹੈ।
ਸੂਤਰਾਂ ਮੁਤਾਬਕ ਆਈਏਐਸ ਅਧਿਕਾਰੀ ਪੂਜਾ ਸਿੰਘਲ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਗੈਰ-ਅਨੁਪਾਤਕ ਜਾਇਦਾਦ, ਗੈਰ-ਕਾਨੂੰਨੀ ਮਾਈਨਿੰਗ ਤੇ ਮਨਰੇਗਾ ਘੁਟਾਲਾ। ਈਡੀ ਨੇ ਸ਼ੁੱਕਰਵਾਰ ਨੂੰ ਪੂਜਾ ਸਿੰਘਲ ਨਾਲ ਜੁੜੇ 18 ਤੋਂ ਵੱਧ ਸਥਾਨਾਂ 'ਤੇ ਛਾਪੇਮਾਰੀ ਕੀਤੀ। ਸਭ ਤੋਂ ਵੱਧ ਛਾਪੇ ਝਾਰਖੰਡ ਵਿੱਚ ਮਾਰੇ ਗਏ ਹਨ। ਈਡੀ ਨੇ 19 ਕਰੋੜ ਦੀ ਨਕਦੀ ਜ਼ਬਤ ਕੀਤੀ ਹੈ। ਜਦਕਿ ਪੂਜਾ ਸਿੰਘਲ ਦੇ ਸੀਏ ਤੋਂ 17 ਕਰੋੜ ਦੀ ਨਕਦੀ ਮਿਲੀ ਹੈ।
ਸਿੰਘਲ ਖਿਲਾਫ ਫਰਵਰੀ 'ਚ ਸ਼ਿਕਾਇਤ ਆਈ ਸੀ
ਈਡੀ ਨੇ ਪੂਜਾ ਸਿੰਘਲ ਖਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਹੈ। ਫਰਵਰੀ 2022 ਵਿੱਚ ਝਾਰਖੰਡ ਹਾਈ ਕੋਰਟ ਦੇ ਵਕੀਲ ਰਾਜੀਵ ਨੇ ਪੂਜਾ ਸਿੰਘਲ ਖ਼ਿਲਾਫ਼ ਈਡੀ ਕੋਲ ਸ਼ਿਕਾਇਤ ਦਰਜ ਕਰਵਾਈ। ਪੂਜਾ ਸਿੰਘਲ ਦੇ ਖਿਲਾਫ ਈਡੀ ਨੂੰ ਗੈਰ-ਕਾਨੂੰਨੀ ਮਾਈਨਿੰਗ ਰਾਹੀਂ ਮਨੀ ਲਾਂਡਰਿੰਗ ਦੀ ਸ਼ਿਕਾਇਤ ਮਿਲੀ ਸੀ।
ਪੂਜਾ ਸਿੰਘਲ ਦਾ ਦੋਸ਼ ਹੈ ਕਿ ਖਣਨ ਲਈ ਠੇਕੇ ਪਸੰਦ ਦੇ ਠੇਕੇਦਾਰਾਂ ਨੂੰ ਦੇ ਰਹੀ ਸੀ। ਉਨ੍ਹਾਂ 'ਤੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਉਨ੍ਹਾਂ ਦੇ ਭਰਾ ਤੇ ਵਿਧਾਇਕ ਬਸੰਤ ਸੋਰੇਨ ਨੂੰ ਕੌਡੀ ਦੇ ਭਾਵ ਖਾਨ ਦਾ ਅਲਾਂਟ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਇਲੈਕਸ਼ਨ ਕਮੀਸ਼ਨ ਆਫ ਇੰਡੀਆ ਵੱਲੋਂ ਹੇਮੰਤ ਤੇ ਉਨ੍ਹਾਂ ਦੇ ਭਰਾ ਨੂੰ ਨੋਟਿਸ ਜਾਰੀ ਹੋਇਆ ਹੈ ਤੇ ਜਵਾਬ ਦੇਣ ਲਈ ਕਿਹਾ ਗਿਆ ਹੈ। ਹੇਮੰਤ 'ਤੇ ਇਕ ਖਣਨ ਲੀਜ 'ਤੇ ਆਹੁਦੇ ਦਾ ਲਾਭ ਦਾ ਦੋਸ਼ ਹੈ।