ਰਾਂਚੀ : ਅਦਾਕਾਰਾ ਅਮੀਸ਼ਾ ਪਟੇਲ ਨੂੰ ਝਾਰਖੰਡ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਮੀਸ਼ਾ ਪਟੇਲ ਦੀ ਪਟੀਸ਼ਨ 'ਤੇ ਵੀਰਵਾਰ ਨੂੰ ਜਸਟਿਸ ਐੱਸ ਕੇ ਦਿਵੇਦੀ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਧੋਖਾਧੜੀ ਦੇ ਮਾਮਲੇ 'ਚ ਅਦਾਕਾਰਾ ਅਮੀਸ਼ਾ ਪਟੇਲ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹੇਠਲੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਅਮੀਸ਼ਾ ਪਟੇਲ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਨੂੰ ਉਨ੍ਹਾਂ ਵੱਲੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਕੀ ਹੈ ਸਾਰਾ ਮਾਮਲਾ
ਰਾਂਚੀ ਜ਼ਿਲ੍ਹੇ ਦੇ ਹਰਮੂ ਦੇ ਰਹਿਣ ਵਾਲੇ ਅਜੈ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਅਜੈ ਕੁਮਾਰ ਸਿੰਘ ਨੂੰ ਅਮੀਸ਼ਾ ਪਟੇਲ ਨੇ ਫਿਲਮਾਂ 'ਚ ਪੈਸਾ ਲਗਾਉਣ ਦੀ ਪੇਸ਼ਕਸ਼ ਕੀਤੀ ਸੀ। ਅਜੈ ਕੁਮਾਰ ਸਿੰਘ ਨੇ ਫਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ 'ਤੇ ਅਦਾਕਾਰਾ ਅਮੀਸ਼ਾ ਪਟੇਲ ਦੇ ਬੈਂਕ ਖਾਤੇ 'ਚ 2.5 ਕਰੋੜ ਰੁਪਏ ਟਰਾਂਸਫਰ ਕੀਤੇ ਸਨ। ਫਿਲਮ ਨਾ ਬਣਨ 'ਤੇ ਅਜੈ ਕੁਮਾਰ ਸਿੰਘ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਅਦਾਕਾਰਾ ਅਮੀਸ਼ਾ ਪਟੇਲ ਨੇ ਉਸ ਨੂੰ ਚੈੱਕ ਦੇ ਦਿੱਤਾ, ਜੋ ਬਾਊਂਸ ਹੋ ਗਿਆ। ਇਸ ਤੋਂ ਬਾਅਦ ਇਹ ਮਾਮਲਾ ਝਾਰਖੰਡ ਹਾਈ ਕੋਰਟ ਤੱਕ ਪਹੁੰਚਿਆ।