ਨਵੀਂ ਦਿੱਲੀ : ਦਿੱਲੀ ਦੇ ਵਸੰਤ ਕੁੰਜ ਥਾਣਾ ਖੇਤਰ ਵਿੱਚ ਸੋਮਵਾਰ ਯਾਨੀ ਅੱਜ ਤੜਕੇ ਇੱਕ ਪੁਲਿਸ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਲਈ। ਦੱਖਣੀ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਕਾਂਸਟੇਬਲ ਰਾਕੇਸ਼ (35) ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 6 ਵਜੇ ਸੂਚਨਾ ਮਿਲੀ ਸੀ ਕਿ ਰਾਕੇਸ਼ ਨਾਂਅ ਦੇ ਇਕ ਕਾਂਸਟੇਬਲ ਨੇ ਵਸੰਤ ਕੁੰਜ ਥਾਣਾ ਖੇਤਰ ਦੇ ਪੂਰਬੀ ਰੋਡ 'ਤੇ ਪੁਲਿਸ ਚੌਕੀ 'ਤੇ ਖੁਦ ਨੂੰ ਗੋਲੀ ਮਾਰ ਲਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਕਾਂਸਟੇਬਲ ਰਾਕੇਸ਼ ਬੇਹੋਸ਼ ਸੀ। ਪੁਲਿਸ ਮੁਲਾਜ਼ਮ ਨੇ ਉਸ ਨੂੰ ਤੁਰੰਤ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਕੇਸ਼ ਨੇ ਸਰਕਾਰੀ ਪਿਸਤੌਲ ਨਾਲ ਆਪਣੇ ਸੱਜੇ ਪਾਸੇ ਸਿਰ ਵਿੱਚ ਗੋਲੀ ਮਾਰ ਲਈ ਹੈ। ਪੁਲਿਸ ਅਨੁਸਾਰ ਸਵੇਰ ਦੀ ਸੈਰ 'ਤੇ ਗਏ ਇੱਕ ਲੜਕੇ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਪਰਾਧ ਅਤੇ ਐਫਐਸਐਲ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਵਲੋਂ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।