ਕਾਬੁਲ : ਅਮਰੀਕੀ ਫੌਜਾਂ ਦੀ ਵਾਪਸੀ ਦੇ ਨਾਲ ਹੀ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਸੱਤਾ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਦੇਸ਼ ਛੱਡ ਦਿੱਤਾ ਹੈ ਅਤੇ ਉਹ ਤਜ਼ਾਕਿਸਤਾਨ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ ਭਾਰਤ ਸਮੇਤ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਅਤੇ ਰਾਜਦੂਤਾਂ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜ਼ਾਹਿਦ ਦਾ ਕਹਿਣਾ ਹੈ ਕਿ ਲੁੱਟ ਅਤੇ ਅਰਾਜਕਤਾ ਨੂੰ ਰੋਕਣ ਲਈ ਉਨ੍ਹਾਂ ਦੀ ਫੌਜ ਕਾਬੁਲ ਦੇ ਕੁਝ ਹਿੱਸਿਆਂ ‘ਚ ਦਾਖਲ ਹੋਵੇਗੀ ਅਤੇ ਉਨ੍ਹਾਂ ਚੌਕੀਆਂ ‘ਤੇ ਕਬਜ਼ਾ ਕਰ ਲਵੇਗਾ ਜਿਨ੍ਹਾਂ ਨੂੰ ਸੁਰੱਖਿਆ ਬਲਾ ਨੇ ਖਾਲ੍ਹੀ ਕਰਵਾ ਲਿਆ ਹੈ। ਸ਼ਹਿਰ ਦੇ ਲੋਕ ਸਾਡੇ ਸ਼ਹਿਰ ‘ਚ ਆਉਣ ਤੋਂ ਡਰਨ ਨਾ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਬਿਨਾਂ ਸ਼ਰਤ ਆਤਮ ਸਮਰਪਣ ਕਰੇ। ਐਤਵਾਰ ਨੂੰ ਰਾਸ਼ਟਰਪਤੀ ਨਿਵਾਸ ‘ਤੇ ਸੱਤਾ ਸੌਂਪਣ ਦੀ ਪ੍ਰਕਿਰਿਆ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨੀ ਯੁੱਗ ਵਾਪਸ ਆ ਗਿਆ ਹੈ।
ਸੂਤਰਾਂ ਅਨੁਸਾਰ ਅਸ਼ਰਫ ਗਨੀ ਦੀ ਜਗ੍ਹਾ ਅਲੀ ਅਹਿਮਦ ਜਲਾਲੀ ਨੂੰ ਅੰਤਰਿਮ ਸਰਕਾਰ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਜਲਾਲੀ ਜਰਮਨੀ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਰਹਿ ਚੁੱਕੇ ਹਨ। ਪਹਿਲਾਂ ਖ਼ਬਰ ਸੀ ਕਿ ਤਾਲਿਬਾਨ ਰਾਜਧਾਨੀ ਕਾਬੁਲ ਦੇ ਦਰਵਾਜ਼ੇ ‘ਤੇ ਪਹੁੰਚ ਗਿਆ ਹੈ। ਦੇਸ਼ ਦੇ ਕਾਰਜਕਾਰੀ ਗ੍ਰਹਿ ਮੰਤਰੀ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ ਕਿ ਤਾਲਿਬਾਨ ਨੂੰ ਸ਼ਾਂਤੀਪੂਰਨ ਢੰਗ ਨਾਲ ਸੱਤਾ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਸਰਕਾਰ ਦੇ ਡਿੱਗਣ ਦੀਆਂ ਕਿਆਸਅਰਾਈਆਂ ਸਨ।