Fortune Magazine List: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 100 ਸਭ ਤੋਂ ਸ਼ਕਤੀਸ਼ਾਲੀ ਕਾਰੋਬਾਰੀਆਂ ਵਿੱਚ ਸ਼ਾਮਲ ਹਨ। 'ਫਾਰਚਿਊਨ ਮੈਗਜ਼ੀਨ ਦੀ ਪਾਵਰਫੁੱਲ ਬਿਜ਼ਨੈੱਸਮੈਨ 2024' ਦੀ ਸੂਚੀ 'ਚ ਸ਼ਾਮਲ ਹੋਣ ਵਾਲੇ ਅੰਬਾਨੀ ਇਕੱਲੇ ਭਾਰਤੀ ਹਨ। ਇਸ ਵਿੱਚ ਭਾਰਤੀ ਮੂਲ ਦੇ ਛੇ ਹੋਰ ਲੋਕ ਵੀ ਸ਼ਾਮਲ ਹਨ, ਜੋ ਵਿਦੇਸ਼ ਵਿੱਚ ਵਸੇ ਹੋਏ ਹਨ। ਇਹ ਲੋਕ ਵੱਡੇ ਕਾਰੋਬਾਰਾਂ ਦੇ ਸੰਸਥਾਪਕ, ਮੁੱਖ ਕਾਰਜਕਾਰੀ ਅਤੇ ਨਵੀਨਤਾਕਾਰੀ ਹਨ।
ਫਾਰਚਿਊਨ ਸੂਚੀ 'ਚ ਅੰਬਾਨੀ 12ਵੇਂ ਸਥਾਨ 'ਤੇ
ਫਾਰਚਿਊਨ ਨੇ ਹਾਲ ਹੀ ਵਿੱਚ ਇਹ ਸੂਚੀ ਜਾਰੀ ਕੀਤੀ ਹੈ। ਇਸ 'ਚ ਅੰਬਾਨੀ ਨੂੰ 12ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਫੋਰਬਸ ਦੇ ਅਨੁਸਾਰ, ਅੰਬਾਨੀ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਿਨ੍ਹਾਂ ਦੀ ਕੁੱਲ ਦੌਲਤ ਲਗਭਗ 7.6 ਲੱਖ ਕਰੋੜ ਰੁਪਏ ($ 98 ਬਿਲੀਅਨ) ਹੈ। ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਪੂੰਜੀ (ਮਾਰਕੀਟ ਕੈਪ) 13 ਨਵੰਬਰ 2024 ਤੱਕ 16.96 ਲੱਖ ਕਰੋੜ ਰੁਪਏ ਹੈ। ਰਿਲਾਇੰਸ ਇੰਡਸਟਰੀਜ਼ ਪੈਟਰੋ ਕੈਮੀਕਲ, ਪ੍ਰਚੂਨ, ਮਨੋਰੰਜਨ, ਦੂਰਸੰਚਾਰ ਅਤੇ ਹੋਰ ਖੇਤਰਾਂ ਵਿੱਚ ਕੰਮ ਕਰ ਰਹੀ ਹੈ।
ਅੰਬਾਨੀ ਪਰਿਵਾਰ ਦਾ ਵਪਾਰਕ ਸਾਮਰਾਜ
ਅੰਬਾਨੀ ਪਰਿਵਾਰ ਅਗਲੀ ਪੀੜ੍ਹੀ ਨੂੰ ਆਪਣੇ ਕਾਰੋਬਾਰੀ ਸਾਮਰਾਜ ਦਾ ਵਾਰਸ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਰਿਲਾਇੰਸ ਜੀਓ ਦੇ ਚੇਅਰਮੈਨ ਹਨ। ਛੋਟਾ ਬੇਟਾ ਅਨੰਤ ਅੰਬਾਨੀ ਊਰਜਾ ਖੇਤਰ ਵਿੱਚ ਕੰਮ ਕਰ ਰਿਹਾ ਹੈ। ਜਦੋਂ ਕਿ ਬੇਟੀ ਈਸ਼ਾ ਅੰਬਾਨੀ ਰਿਲਾਇੰਸ ਰਿਟੇਲ ਦੀ ਅਗਵਾਈ ਕਰ ਰਹੀ ਹੈ। ਰਿਲਾਇੰਸ ਰਿਟੇਲ ਨੇ 14 ਨਵੰਬਰ ਨੂੰ ਆਪਣੇ ਫੈਸ਼ਨ ਸਟੋਰ ਕੇਂਦਰਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਸੀ। ਦੇਸ਼ ਭਰ ਵਿੱਚ ਕੁੱਲ 33 ਫੈਸ਼ਨ ਸਟੋਰ ਸੈਂਟਰ ਹਨ। ਹਾਲਾਂਕਿ, ਇਹ ਸਿਰਫ ਅਸਥਾਈ ਤੌਰ 'ਤੇ ਬੰਦ ਹਨ। ਰਿਪੋਰਟਾਂ ਮੁਤਾਬਕ ਰਿਲਾਇੰਸ ਰਿਟੇਲ ਨਵੰਬਰ ਦੇ ਅੰਤ ਤੱਕ 20 ਤੋਂ ਜ਼ਿਆਦਾ ਸਟੋਰ ਬੰਦ ਕਰ ਸਕਦੀ ਹੈ।
ਕਿਹੜਾ ਅਮੀਰ ਵਪਾਰੀ ਕਿਸ ਥਾਂ 'ਤੇ
ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਪਹਿਲੇ ਸਥਾਨ 'ਤੇ ਹਨ ਅਤੇ ਐਨਵੀਡੀਆ ਦੇ ਸੀਈਓ ਜੇਨਸਨ ਹੁਆਂਗ ਦੂਜੇ ਸਥਾਨ 'ਤੇ ਹਨ। ਸੱਤਿਆ ਨਡੇਲਾ ਤੀਜੇ ਸਥਾਨ 'ਤੇ, ਵਾਰੇਨ ਬਫੇ ਚੌਥੇ ਸਥਾਨ 'ਤੇ ਅਤੇ ਜੈਮੀ ਡਿਮਨ 5ਵੇਂ ਸਥਾਨ 'ਤੇ ਹਨ। ਟਿਮ ਕੁੱਕ ਨੂੰ ਸੂਚੀ 'ਚ 6ਵਾਂ ਸਥਾਨ ਮਿਲਿਆ ਹੈ। ਮਾਰਕ ਜ਼ੁਕਰਬਰਗ 7ਵੇਂ ਅਤੇ ਸੈਮ ਓਲਟਮੈਨ 8ਵੇਂ ਸਭ ਤੋਂ ਤਾਕਤਵਰ ਕਾਰੋਬਾਰੀ ਹਨ। ਮੈਰੀ ਬਾਰਾ ਅਤੇ ਸੁੰਦਰ ਪਿਚਾਈ ਕ੍ਰਮਵਾਰ 9ਵੇਂ ਅਤੇ 10ਵੇਂ ਸਥਾਨ 'ਤੇ ਹਨ। ਐਮਾਜ਼ਾਨ ਦੇ ਜੈਫ ਬੇਜੋਸ 11ਵੇਂ ਸਥਾਨ 'ਤੇ ਹਨ।