ਬਰਲਿਨ : ਜਰਮਨੀ ਦੀ ਇਕ ਨਰਸ ਨੇ ਵੱਡਾ ਕਾਰਾ ਕਰ ਦਿਤਾ ਹੈ। ਹੁਣ ਪਤਾ ਲੱਗਣ ਉਤੇ ਉਥੇ ਸਥਾਨਕ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਜਰਮਨੀ ਦੀ ਇੱਕ ਨਰਸ, ਜਿਸ ਨੇ 8600 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਥਾਂ ਖ਼ਾਲੀ ਟੀਕੇ ਹੀ ਲਗਾ ਦਿਤਾ ਗਿਆ ਸੀ। ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਨਰਸ ਨੇ ਹਜ਼ਾਰਾਂ ਬਜ਼ੁਰਗ ਮਰੀਜ਼ਾਂ ਨੂੰ ਫਰਜ਼ੀ ਟੀਕੇ ਲਗਾ ਦਿੱਤੇ। ਜਰਮਨੀ ਦੇ ਫਰੀਸਲੈਂਡ ਦੇ ਇੱਕ ਵੈਕਸੀਨੇਸ਼ਨ ਸੈਂਟਰ ਦੀ ਇਸ ਨਰਸ ਨੇ ਸੋਸ਼ਲ ਮੀਡੀਆ ’ਤੇ ਵੈਕਸੀਨਜ਼ ’ਤੇ ਸ਼ੱਕ ਜ਼ਾਹਰ ਕੀਤਾ ਸੀ, ਪਰ ਇੰਨੀ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੂੰ ਨਕਲੀ ਇੰਜੈਕਸ਼ਨ ਲਗਾਉਣ ਪਿੱਛੇ ਉਸ ਦਾ ਮਕਸਦ ਕੀ ਸੀ? ਇਹ ਪਤਾ ਲਗਾਇਆ ਜਾ ਰਿਹਾ ਹੈ।
ਸਥਾਨਕ ਕੌਂਸਲਰ ਸਵੇਨ ਅੰਬਰੋਸੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਨਕਲੀ ਟੀਕਾ ਲਗਵਾ ਚੁੱਕੇ ਲੋਕਾਂ ਨਾਲ ਸੰਪਰਕ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਥਾਂ ਸੇਲੀਨ ਸਲੂਸ਼ਨ ਦਿੱਤਾ ਗਿਆ ਸੀ, ਜੋ ਆਪਣੇ ਆਪ ਵਿੱਚ ਹਾਨੀਕਾਰਕ ਨਹੀਂ ਹੁੰਦਾ ਹੈ, ਪਰ ਇਸ ਕਾਰਨ ਹੁਣ ਤੱਕ ਇੰਨੇ ਲੋਕ ਇਨਫੈਕਸ਼ਨ ਦੇ ਖ਼ਤਰੇ ਵਿੱਚ ਜੀਅ ਰਹੇ ਹਨ। ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਨਰਸ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ।
ਦੱਸ ਦੇਈਏ ਕਿ ਜਰਮਨੀ ਦੀ 55 ਫੀਸਦੀ ਆਬਾਦੀ ਨੂੰ ਵੈਕਸੀਨ ਲੱਗ ਚੁੱਕੀ ਹੈ। ਜਰਮਨ ਚਾਂਸਲਰ ਅੰਜੇਲਾ ਮਰਕੇਲ ਇਸ ਨੂੰ ਜਲਦ ਹੀ 75 ਫੀਸਦੀ ਤੱਕ ਪਹੁੰਚਾਉਣਾ ਚਾਹੁੰਦੀ ਹੈ। ਇਸ ਦੇ ਲਈ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਨਹੀਂ ਲੱਗੀ ਹੈ, ਉਨ੍ਹਾਂ ਦੇ 11 ਅਕਤੂਬਰ ਤੋਂ ਕੋਰੋਨਾ ਟੈਸਟ ਮੁਫ਼ਤ ਨਹੀਂ ਹੋਣਗੇ।