ਨਵੀਂ ਦਿੱਲੀ : ਜਦੋਂ ਤੋਂ ਕੋਰੋਨਾ ਫੈਲਿਆ ਹੈ ਉਦੋਂ ਤੋਂ ਹੀ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ। ਲੋਕਾਂ ਨੇ ਰਾਹਤ ਉਦੋਂ ਮਹਿਸੂਸ ਕੀਤੀ ਸੀ ਜਦੋਂ ਕੋਰੋਨਾ ਵੈਕਸੀਨ ਤਿਆਰ ਹੋ ਗਈ ਸੀ। ਹੁਣ ਤਕ ਲੱਖਾਂ ਲੋਕ ਇਹ ਵੈਕਸੀਨ ਲਵਾ ਚੁੱਕੇ ਹਨ ਅਤੇ ਇਸ ਦੇ ਨਤੀਜੇ ਵੀ ਹੁਣ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਦਰਅਸਲ ਇਸੇ ਸਬੰਧੀ ਵਿਚ ਤਾਜਾ ਮਿਲੀ ਜਾਣਕਾਰੀ ਅਨੁਸਾਰ ਕੇਰਲਾ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਵਾਉਣ ਤੋਂ ਬਾਅਦ ਵੀ ਕਰੋਨਾ ਹੋ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਕੇਰਲਾ ਨੂੰ ਕਿਹਾ ਹੈ ਕਿ ਉਹ ਅਜਿਹੇ ਸਾਰੇ ਕੇਸਾਂ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਣ। ਇਸ ਦੇ ਨਾਲ ਹੀ ਸਰਕਾਰਾਂ ਮੁੜ ਸਖਤੀ ਕਰਨ ਬਾਰੇ ਵਿਚਾਰਾਂ ਕਰਨ ਲੱਗੀਆਂ ਹਨ। ਦੱਸ ਦਈਏ ਕਿ ਕੇਰਲਾ ’ਚ ਕੋਰੋਨਾ ਤੋਂ ਬਚਾਅ ਦੇ ਟੀਕੇ ਲਵਾ ਚੁੱਕੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਪਾਜੇਟਿਵ ਹੋਣ ਦੀ ਰਿਪੋਰਟ ਮਿਲੀ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੂਤਰਾਂ ਨੇ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਵੱਡੀ ਫਿਕਰ ਵਾਲੀ ਗੱਲ ਹੈ ਕਿਉਂਕਿ ਲੋਕਾਂ ’ਚ ਵੈਕਸੀਨ ਲੱਗੇ ਹੋਣ ਕਾਰਨ ਇਮਿਊਨਿਟੀ ਪੈਦਾ ਹੋ ਚੁੱਕੀ ਸੀ ਪਰ ਫਿਰ ਵੀ ਉਹ ਕੋਰੋਨਾ ਤੋਂ ਪੀੜਤ ਹੋ ਗਏ ਹਨ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੇਰਲਾ ’ਚ ਇਹ ਕਹਿਰ ਵਾਇਰਸ ਦੀ ਡੈਲਟਾ ਕਿਸਮ ਨੇ ਢਾਹਿਆ ਹੈ ਜਾਂ ਕੋਈ ਹੋਰ ਕਿਸਮ ਹੈ। ਕੋਰੋਨਾ ਦੇ ਪਠਾਨਮਥਿੱਟਾ ਜ਼ਿਲ੍ਹੇ ਵਿਚ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਉਣ ਵਾਲੇ 14,974 ਵਿਅਕਤੀ ਕੋਰੋਨਾ ਤੋਂ ਪੀੜਤ ਹੋਏ ਹਨ ਜਦਕਿ ਦੂਜਾ ਟੀਕਾ ਲੱਗਣ ਮਗਰੋਂ 5,042 ਵਿਅਕਤੀਆਂ ਨੂੰ ਕੋਰੋਨਾ ਹੋਇਆ। ਸੂਤਰਾਂ ਨੇ ਕਿਹਾ ਕਿ ਕੇਰਲਾ ਦੇ ਕੁਝ ਜ਼ਿਲ੍ਹਿਆਂ ’ਚ ਲੋਕਾਂ ਨੂੰ ਦੁਬਾਰਾ ਤੋਂ ਕੋਰੋਨਾ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।