Donald Trump Wins US Election 2024: ਅਰਬਪਤੀ ਰੀਅਲ ਅਸਟੇਟ ਕਾਰੋਬਾਰੀ ਡੌਨਲਡ ਟਰੰਪ ਦੀ ਵ੍ਹਾਈਟ ਹਾਊਸ 'ਚ ਫਿਰ ਤੋਂ ਵਾਪਸੀ ਹੋਣ ਜਾ ਰਹੀ ਹੈ। ਟਰੰਪ ਨੇ 270 ਵੋਟਾਂ ਲੈਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਨਾਲ ਅਮਰੀਕਾ ਦੇ ਵੋਟਰਾਂ ਨੇ ਵੀ ਟਰੰਪ ਲਈ ਦਿਲ ਖੋਲ ਕੇ ਵੋਟਾਂ ਪਾਈਆਂ ਹਨ। ਕਮਲਾ ਹੈਰਿਸ ਨੂੰ ਟਰੰਪ ਨੇ ਕੁੱਲ 5 ਕਰੋੜ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ।
ਇਸ ਤੋਂ ਬਾਅਦ ਹੁਣ 20 ਜਨਵਰੀ ਨੂੰ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਖਿਤਾਬ ਹਾਸਲ ਹੋਇਆ ਹੈ ਤੇ ਟਰੰਪ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਕਮਾਨ ਸੰਭਾਲਣ ਜਾ ਰਹੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਡੌਨਡਲ ਟਰੰਪ ਨੂੰ ਕਿੰਨੀ ਤਨਖਾਹ ਮਿਲੇਗੀ ਤੇ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸਹੂਲਤਾਂ ਮਿਲਣਗੀਆਂ।
ਅਮਰੀਕਾ ਦੇ ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ?
ਅਮਰੀਕਾ ਦੇ ਰਾਸ਼ਟਰਪਤੀ ਨੂੰ ਹਰ ਸਾਲ 4 ਲੱਖ ਡਾਲਰ ਦੀ ਤਨਖਾਹ ਮਿਲਦੀ ਹੈ। ਜੇਕਰ ਰੁਪਏ ਦੀ ਗੱਲ ਕਰੀਏ ਤਾਂ ਇਹ ਰਕਮ 3.36 ਕਰੋੜ ਦੇ ਕਰੀਬ ਬਣਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵਾਧੂ ਖਰਚਿਆਂ ਲਈ 50,000 ਡਾਲਰ (ਕਰੀਬ 42 ਲੱਖ ਰੁਪਏ) ਵੀ ਮਿਲਦੇ ਹਨ। ਅਮਰੀਕੀ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਕੋਈ ਵੀ ਨਵਾਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਵਜੋਂ ਵ੍ਹਾਈਟ ਹਾਊਸ ਆਉਂਦਾ ਹੈ ਤਾਂ ਉਸ ਨੂੰ 100,000 ਡਾਲਰ ਯਾਨੀ 84 ਲੱਖ ਰੁਪਏ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਂਦੀ ਹੈ। ਇਸ ਰਕਮ ਨਾਲ ਉਹ ਆਪਣੇ ਘਰ ਅਤੇ ਦਫ਼ਤਰ ਨੂੰ ਆਪਣੀ ਮਰਜ਼ੀ ਅਨੁਸਾਰ ਪੇਂਟ ਅਤੇ ਸਜਾਵਟ ਕਰਵਾ ਸਕਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਦੀਆਂ ਹਨ ਇਹ ਸਹੂਲਤਾਂ
ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਦਫ਼ਤਰ ਵੀ ਇੱਥੇ ਹੀ ਹੁੰਦਾ ਹੈ। 18 ਏਕੜ 'ਚ ਫੈਲੇ ਆਲੀਸ਼ਾਨ ਵ੍ਹਾਈਟ ਹਾਊਸ 'ਚ ਰਹਿਣ ਲਈ ਰਾਸ਼ਟਰਪਤੀ ਨੂੰ ਇਕ ਰੁਪਿਆ ਵੀ ਨਹੀਂ ਦੇਣਾ ਪੈਂਦਾ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਮਨੋਰੰਜਨ, ਸਟਾਫ਼ ਅਤੇ ਰਸੋਈਏ ਲਈ ਸਾਲਾਨਾ $19,000 ਵੀ ਮਿਲਦੇ ਹਨ। ਅਮਰੀਕੀ ਰਾਸ਼ਟਰਪਤੀ ਲਈ ਸਿਹਤ ਸੇਵਾਵਾਂ ਵੀ ਮੁਫ਼ਤ ਹਨ।
ਦੁਨੀਆ ਦੀ ਸਭ ਤੋਂ ਸਖਤ ਸੁਰੱਖਿਆ ਤੇ ਵੱਡਾ ਕਾਫਲਾ
ਅਮਰੀਕੀ ਰਾਸ਼ਟਰਪਤੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਭ ਤੋਂ ਮਜ਼ਬੂਤ ਅਤੇ ਵਿਆਪਕ ਸੁਰੱਖਿਆ ਮਿਲਦੀ ਹੈ। ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਸੀਕਰੇਟ ਸਰਵਿਸ, ਐਫਬੀਆਈ ਅਤੇ ਮਰੀਨ ਦੇ ਏਜੰਟ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਏਅਰ ਫੋਰਸ ਵਨ ਜਹਾਜ਼ ਰਾਹੀਂ ਯਾਤਰਾ ਕਰਦੇ ਹਨ ਜਿਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਅਤੇ ਆਧੁਨਿਕ ਜਹਾਜ਼ ਕਿਹਾ ਜਾਂਦਾ ਹੈ। ਏਅਰ ਫੋਰਸ ਵਨ 'ਚ ਕਰੀਬ 4000 ਵਰਗ ਫੁੱਟ ਜਗ੍ਹਾ ਹੈ। ਇਸ ਵਿੱਚ ਰਾਸ਼ਟਰਪਤੀ ਦਫ਼ਤਰ, ਸਕੱਤਰੇਤ, ਮੀਟਿੰਗ ਰੂਮ ਅਤੇ ਬੈੱਡਰੂਮ ਵੀ ਬਣਾਇਆ ਗਿਆ ਹੈ। ਉਹ ਜਹਾਜ਼ ਵਿਚ ਰਹਿੰਦਿਆਂ ਆਪਣਾ ਰੋਜ਼ਾਨਾ ਦਾ ਕੰਮ ਕਰ ਸਕਦਾ ਹੈ। ਜਹਾਜ਼ 'ਚ ਉਸ ਨਾਲ ਕਰੀਬ 100 ਲੋਕ ਸਫਰ ਕਰ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਦੇ ਕਾਫਲੇ 'ਚ ਲਿਮੋਜ਼ਿਨ ਕਾਰਾਂ ਅਤੇ ਸਮੁੰਦਰੀ ਹੈਲੀਕਾਪਟਰ ਵੀ ਸ਼ਾਮਲ ਹਨ। ਇਹ ਬੁਲੇਟਪਰੂਫ ਵਾਹਨ ਮਿਜ਼ਾਈਲ ਪ੍ਰਣਾਲੀਆਂ ਤੋਂ ਲੈ ਕੇ ਆਧੁਨਿਕ ਸੰਚਾਰ ਪ੍ਰਣਾਲੀਆਂ ਤੱਕ ਹਰ ਚੀਜ਼ ਨਾਲ ਲੈਸ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸਾਲ 1789 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ 25,000 ਡਾਲਰ ਸੀ। ਫਿਰ 1873 ਵਿੱਚ ਇਹ ਵਧ ਕੇ 50,000 ਡਾਲਰ ਹੋ ਗਈ। ਇਹ 1909 ਵਿੱਚ 75,000 ਡਾਲਰ, 1949 ਵਿੱਚ 100,000 ਡਾਲਰ, 1969 ਵਿੱਚ 2 ਲੱਖ ਡਾਲਰ ਅਤੇ 2001 ਵਿੱਚ 4 ਲੱਖ ਡਾਲਰ ਹੋ ਗਈ। ਆਖਰੀ ਵਾਰ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਵਿੱਚ ਵਾਧਾ 2001 ਵਿੱਚ ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ਵਿੱਚ ਕੀਤਾ ਗਿਆ ਸੀ। ਪਿਛਲੇ 23 ਸਾਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।
ਕਿਸ ਨੇਤਾ ਦੀ ਸਭ ਤੋਂ ਵੱਧ ਤਨਖਾਹ?
ਦਿਲਚਸਪ ਗੱਲ ਇਹ ਹੈ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਮੰਨਿਆ ਜਾਂਦਾ ਹੈ, ਪਰ ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਨੇਤਾਵਾਂ ਦੀ ਸੂਚੀ ਵਿੱਚ ਬਹੁਤ ਪਿੱਛੇ ਹਨ। ਸਿੰਗਾਪੁਰ ਦਾ ਪ੍ਰਧਾਨ ਮੰਤਰੀ ਦੁਨੀਆ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਨੇਤਾ ਹੈ। ਉਸ ਨੂੰ 16.1 ਲੱਖ ਡਾਲਰ ਯਾਨੀ ਲਗਭਗ 13.44 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਹਾਂਗਕਾਂਗ ਦੇ ਪ੍ਰਸ਼ਾਸਕ ਨੂੰ ਵੀ 5.5 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਰਾਸ਼ਟਰਪਤੀ (ਭਾਰਤੀ ਰਾਸ਼ਟਰਪਤੀ ਦੀ ਤਨਖਾਹ) ਨੂੰ ਹਰ ਮਹੀਨੇ 500,000 ਲੱਖ ਰੁਪਏ ਦੀ ਤਨਖਾਹ ਮਿਲਦੀ ਹੈ। ਇਹ ਰਕਮ 60 ਲੱਖ ਸਾਲਾਨਾ ਹੈ।