ਚੰਡੀਗੜ੍ਹ: ਵੱਧ ਰਹੇ ਪ੍ਰਦੂਸ਼ਨ ਵਿਰੁਧ ਹੁਣ ਚੰਡੀਗੜ੍ਹ ਵਿਚ ਇਲੈਕਟਰਿਕ ਬਸਾਂ ਸੜਕਾਂ ਉਪਰ ਚਲਣ ਲਈ ਤਿਆਰ ਹਨ। ਇਸੇ ਸਬੰਧ ਵਿਚ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੁੱਧਵਾਰ ਨੂੰ ਰਾਜਭਵਨ ਤੋਂ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੀ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਲਹਾਲ, ਬੱਸ ਪੀਜੀਆਈ-ਮਨੀਮਾਜਰਾ ਮਾਰਗ 'ਤੇ ਮੱਧ ਮਾਰਗ ਰਾਹੀਂ ਟ੍ਰਾਈਲ ਆਧਾਰ 'ਤੇ ਚੱਲੇਗੀ ਅਤੇ ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨੀ ਪਵੇਗੀ। ਇਥੇ ਇਹ ਵੀ ਦਸ ਦਈਏ ਕਿ 30 ਸਤੰਬਰ ਤੱਕ 19 ਹੋਰ ਇਲੈਕਟ੍ਰਿਕ ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੋਰ 20 ਅਕਤੂਬਰ ਤੱਕ ਹੋਰ 40 ਇਲੈਕਟ੍ਰਿਕ ਬੱਸਾਂ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਅਤੇ ਅਗਲੇ ਸਾਲ ਤੱਕ ਇਸ ਦੇ ਹਾਸਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਭਾਰੀ ਉਦਯੋਗ ਵਿਭਾਗ ਨੇ ਫੇਜ਼ -2 ਫੇਮ ਇੰਡੀਆ ਸਕੀਮ ਅਧੀਨ 80 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਹੈ।