ਨਿਊਯਾਰਕ : ਅਮਰੀਕਾ ਵਿਚ ਬੱਚਿਆਂ ਵਿਚ ਕੋਵਿਡ 19 ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇੱਥੇ ਲਗਾਤਾਰ ਮਾਮਲੇ ਵਧ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਅਮਰੀਕਾ ਵਿਚ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਵਿਚ ਕਰੀਬ 15 ਫੀਸਦੀ ਮਾਮਲੇ ਬੱਚਿਆਂ ਦੇ ਅੰਦਰ ਪਾਏ ਗਏ ਹਨ। ਇਸ ਦਾ ਖੁਲਾਸਾ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਖੋਜ ਵਿਚ ਹੋਇਆ। ਹਾਲਾਂਕਿ ਇਸ ਦੌਰਾਨ ਕੋਵਿਡ 19 ਦੀ ਵਜ੍ਹਾ ਕਾਰਨ ਬੱਚਿਆਂ ਦੀ ਮੌਤਾਂ ਦੇ ਮਾਮਲੇ ਬੇਹੱਦ ਘੱਟ ਹੀ ਸਾਹਮਣੇ ਆਏ ਹਨ।
ਅੰਕੜਿਆਂ ਮੁਤਾਬਕ ਕਰੀਬ ਦੋ ਫੀਸਦੀ ਤੋਂ ਵੀ ਘੱਟ ਬੱਚੇ ਕੋਵਿਡ 19 ਦੇ ਕਾਰਨ ਹਸਪਤਾਲ ਵਿਚ ਭਰਤੀ ਹੋਏ। ਗੌਰਤਲਬ ਹੈ ਕਿ ਅਮਰੀਕਾ ਵਿਚ 21 ਜਨਵਰੀ 2021 ਨੂੰ ਕੋਵਿਡ 19 ਦਾ ਪਹਿਲਾ ਮਾਮਲਾ ਆਇਆ ਸੀ। ਦੇਸ਼ ਵਿਚ ਬੀਤੇ 24 ਘੰਟੇ ਦੌਰਾਨ 184346 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਹੁਣ ਤੱਕ ਕੋਰੋਨਾ ਵਾਇਰਸ ਕਾਰਨ 618000 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਵਿਚ ਇਸ ਮਹਾਮਾਰੀ ਵਿਚ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੀ ਹੋਈਆਂ ਹਨ।
ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਖੋਜ ਮੁਤਾਬਕ ਮਹਾਮਾਰੀ ਦੀ ਸ਼ੁਰੂਆਤ ਤੋਂ ਪੰਜ ਅਗਸਤ 2021 ਤੱਕ ਦੇਸ਼ ਵਿਚ ਕਰੀਬ 43 ਲੱਖ ਬੱਚੇ ਕੋਵਿਡ ਨਾਲ ਪਾਜ਼ੀਟਿਵ ਪਾਏ ਗਏ । ਰਿਪੋਰਟ ਵਿਚ ਕਿਹਾ ਗਿਆ ਕਿ ਜੁਲਾਈ ਦੇ ਬਾਅਦ ਤੋਂ ਬੱਚਿਆਂ ਵਿਚ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਮੌਜੂਦਾ ਸਮੇਂ ਵਿਚ 12 ਸਾਲ ਦੇ ਕਰੀਬ 60 ਫੀਸਦੀ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕਰ ਦਿੱਤਾ ਗਿਆ ਹੈ। ਕਰੀਬ 70 ਫੀਸਦੀ ਬੱਚਿਆਂ ਨੂੰ ਘੱਟ ਤੋਂ ਘੱਟ ਵੈਕਸੀਨ ਦੀ ਇੱਕ ਖੁਰਾਕ ਦੇ ਦਿੱਤੀ ਗਈ ਹੈ।