Crime In UP: ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਕਤਲ ਕੇਸ ਸਾਹਮਣੇ ਆਇਆ ਹੈ। ਇੱਥੇ ਇੱਕ ਜਿੰਮ ਟ੍ਰੇਨਰ ਨੇ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਏਕਤਾ ਗੁਪਤਾ (32) ਕਰੋੜਪਤੀ ਕਾਰੋਬਾਰੀ ਰਾਹੁਲ ਗੁਪਤਾ ਦੀ ਪਤਨੀ ਸੀ, ਜਿਸ ਦਾ ਜਿੰਮ ਟ੍ਰੇਨਰ ਵਿਮਲ ਸੋਨੀ ਨਾਲ ਚੱਕਰ ਚੱਲ ਰਿਹਾ ਸੀ। ਦੋਵਾਂ ਦੀ ਮੁਲਾਕਾਤ ਅਕਸਰ ਜਿੰਮ 'ਚ ਹੁੰਦੀ ਸੀ।
ਪੁਲਿਸ ਪੁੱਛਗਿੱਛ ਦੌਰਾਨ ਏਕਤਾ ਦੇ ਪਤੀ ਰਾਹੁਲ ਨੇ ਦੱਸਿਆ ਸੀ ਕਿ ਉਸ ਦੀ ਪਤਨੀ 24 ਜੂਨ ਨੂੰ ਹਰ ਰੋਜ਼ ਦੀ ਤਰ੍ਹਾਂ ਜਿੰਮ ਗਈ ਸੀ, ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਇਸ ਤੋਂ ਬਾਅਦ ਰਾਹੁਲ ਗੁਪਤਾ ਨੇ ਜਿੰਮ ਟ੍ਰੇਨਰ ਦੇ ਖਿਲਾਫ ਥਾਣੇ 'ਚ ਰਿਪੋਰਟ ਵੀ ਦਰਜ ਕਰਵਾਈ ਸੀ ਕਿ ਉਹ ਉਸ ਦੀ ਪਤਨੀ ਨੂੰ ਵਰਗਲਾ ਕੇ ਅਗਵਾ ਕਰ ਲੈ ਗਿਆ ਹੈ। ਆਪਣੀ ਕੰਪਲੇਂਟ ਵਿੱਚ ਗੁਪਤਾ ਨੇ ਦੱਸਿਆ ਸੀ ਕਿ ਉਕਤ ਜਿੰਮ ਟ੍ਰੇਨਰ ਨੇ ਏਕਤਾ ਨੂੰ ਨਸ਼ੀਲੀ ਚੀਜ਼ ਖੁਆ ਕੇ ਉਸ ਨੂੰ ਕਿਡਨੈਪ ਕੀਤਾ ਸੀ।
ਦੋਵਾਂ ਵਿਚਾਲੇ ਸੀ ਪ੍ਰੇਮ ਸਬੰਧ
ਦੋਸ਼ੀ ਜਿੰਮ ਟ੍ਰੇਨਰ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਸ ਦੇ ਤੇ ਕਾਰੋਬਾਰੀ ਦੀ ਪਤਨੀ ਏਕਤਾ ਵਿਚਾਲੇ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਸਨ। ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ, ਪਰ ਜਦੋਂ ਉਸ ਦੇ ਘਰ ਦੇ ਵਿਆਹ ਲਈ ਨਹੀਂ ਮੰਨੇ, ਤਾਂ ਉਸ ਨੇ ਆਪਣੇ ਘਰ ਦਿਆਂ ਦੀ ਮਰਜ਼ੀ ਨਾਲ ਕਿਸੇ ਹੋਰ ਕੁੜੀ ਨਾਲ ਮੰਗਣੀ ਕਰ ਲਈ। ਜਦੋਂ ਏਕਤਾ ਨੇ ਇਸ ਗੱਲ 'ਤੇ ਇਤਰਾਜ਼ ਪ੍ਰਗਟਾਇਆ ਤਾਂ ਉਸ ਨੇ ਏਕਤਾ ਦੇ ਗਲੇ 'ਤੇ ਹਮਲਾ ਕੀਤਾ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਲਾਸ਼ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਦਫਨਾਇਆ
ਦੱਸ ਦਈਏ ਕਿ ਦੋਸ਼ੀ ਵਿਮਲ ਸੋਨੀ ਨੇ ਏਕਤਾ ਦੀ ਲਾਸ਼ ਨੂੰ ਆਪਣੇ ਕਿਸੇ ਕਰੀਬੀ ਦੀ ਮਦਦ ਨਾਲ ਇਲਾਕੇ ਦੇ ਡੀਐਮ (ਜਾਂ ਡੀਸੀ) ਦਫਤਰ ਦੇ ਵਿਹੜੇ 'ਚ ਦਫਨਾ ਦਿੱਤਾ। ਦੋਸ਼ੀ ਦਾ ਇਹ ਕਰੀਬੀ ਡੀਐਮ ਦਫਤਰ 'ਚ ਹੀ ਨੌਕਰੀ ਕਰਦਾ ਹੈ।
ਜਿੰਮ ਟ੍ਰੇਨਰ ਲਈ ਏਕਤਾ ਨੇ ਇੰਝ ਕੀਤੀ ਸੀ ਪਤੀ ਨਾਲ ਬੇਵਫਾਈ
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਏਕਤਾ ਉਕਤ ਜਿੰਮ ਟ੍ਰੇਨਰ ਦੇ ਪਿਆਰ ਹੱਦ ਤੱਕ ਪਾਗਲ ਸੀ ਕਿ ਉਸ ਨੇ ਆਪਣੇ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਕੱਢ ਲਏ ਅਤੇ ਘਰ ਦੇ ਸਾਰੇ ਗਹਿਣੇ ਵੀ ਗਾਇਬ ਕਰ ਦਿੱਤਾ, ਇਸ ਤੋਂ ਬਾਅਦ ਉਹ ਵਿਮਲ ਸੋਨੀ ਦੇ ਨਾਲ 24 ਜੂਨ ਨੂੰ ਗਾਇਬ ਹੋ ਗਈ। ਪਰ ਉਸ ਦਾ ਪਿਆਰ ਦਾ ਸੁਪਨਾ ਜਲਦ ਹੀ ਚਕਨਾਚੂਰ ਹੋ ਗਿਆ, ਜਦੋਂ ਉਸ ਨੂੰ ਪਤਾ ਲੱਗਿਆ ਕਿ ਅੱਗੋਂ ਵਿਮਲ ਵੀ ਉਸ ਨਾਲ ਧੋਖਾ ਕਰ ਰਿਹਾ ਹੈ।
ਦੱਸ ਦਈਏ ਕਿ ਫਿਲਹਾਲ ਪੁਲਿਸ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ, ਜਿਸ ਨਾਲ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕਤਲ ਦੇ ਦੋਸ਼ੀ ਨੂੰ ਵੀ ਹਿਰਾਸਤ 'ਚ ਲੈਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।