US Presidential Election 2024: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਸਿਰਫ 10 ਦਿਨ ਬਾਕੀ ਹਨ। ਭਾਰਤੀ ਮੂਲ ਦੀ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਸਖਤ ਮੁਕਾਬਲਾ ਹੈ। ਇਸ ਦੌਰਾਨ ਇਕ ਸਾਬਕਾ ਮਾਡਲ ਨੇ ਡੋਨਾਲਡ ਟਰੰਪ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਮਾਡਲ ਸਟੈਸੀ ਵਿਲੀਅਮਜ਼ ਨੇ ਦੋਸ਼ ਲਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਟਰੰਪ ਟਾਵਰ ਵਿੱਚ ਉਸ ਨਾਲ ਹਮਲਾ ਕੀਤਾ ਸੀ।
ਟਰੰਪ 'ਤੇ ਲੱਗੇ ਛੇੜਛਾੜ ਦੇ ਦੋਸ਼
ਸਟੈਸੀ ਵਿਲੀਅਮਜ਼ ਨੇ CNN ਨਾਲ ਇੱਕ ਇੰਟਰਵਿਊ ਵਿੱਚ ਇਸ ਘਟਨਾ ਬਾਰੇ ਜਨਤਕ ਤੌਰ 'ਤੇ ਗੱਲ ਕੀਤੀ ਹੈ। ਉਸਨੇ ਕਿਹਾ ਕਿ ਉਹ ਜੈਫਰੀ ਐਪਸਟੀਨ ਦੇ ਜ਼ਰੀਏ ਟਰੰਪ ਨੂੰ ਮਿਲੀ ਸੀ। ਐਪਸਟੀਨ ਉਸਨੂੰ 1993 ਵਿੱਚ ਟਰੰਪ ਨੂੰ ਮਿਲਣ ਲਈ ਲੈ ਗਿਆ ਸੀ। ਉਸ ਸਮੇਂ ਉਹ 20 ਸਾਲ ਦੀ ਸੀ ਅਤੇ ਐਪਸਟੀਨ ਨੂੰ ਡੇਟ ਕਰ ਰਹੀ ਸੀ। ਟਰੰਪ ਟਾਵਰ ਪਹੁੰਚਣ 'ਤੇ ਸਾਬਕਾ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਟੱਚ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਸਾਬਕਾ ਮਾਡਲ ਨੇ ਦੋਸ਼ ਲਾਇਆ ਕਿ ਉਸ ਸਮੇਂ ਡੋਨਾਲਡ ਟਰੰਪ ਨੇ ਉਸ ਦੇ ਪ੍ਰਾਈਵੇਟ ਪਾਰਟਸ ਨੂੰ ਵੀ ਟੱਚ ਕੀਤਾ ਸੀ।
ਉਸ ਸਮੇਂ ਮੈਂ ਦੰਗ ਰਹਿ ਗਈ, ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਉਸ ਸਮੇਂ ਟਰੰਪ ਅਤੇ ਐਪਸਟੀਨ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ, ਜਦੋਂ ਕਿ ਟਰੰਪ ਦੇ ਹੱਥ ਮੇਰੇ ਉੱਤੇ ਸਨ। ਮੈਂ ਸ਼ਾਇਦ ਉਸ ਸਮੇਂ ਮੁਸਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਵੇਂ ਤੁਸੀਂ ਕਿਸੇ ਵੀ ਸਮਾਜਿਕ ਸਥਿਤੀ ਵਿੱਚ ਕਰਦੇ ਹੋ। ਪਰ ਇਹ ਮੇਰੇ ਲਈ ਬਹੁਤ ਬੁਰਾ ਅਨੁਭਵ ਸੀ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਅਜੀਬ ਪਲਾਂ ਵਿੱਚੋਂ ਇੱਕ ਸੀ।
ਟਰੰਪ ਵੱਲੋਂ ਮਿਲਿਆ ਪੋਸਟਕਾਰਡ
ਵਿਲੀਅਮਜ਼ ਨੇ ਇਹ ਵੀ ਕਿਹਾ ਕਿ ਉਸ ਨੂੰ ਟਰੰਪ ਤੋਂ ਇੱਕ ਪੋਸਟਕਾਰਡ ਮਿਲਿਆ ਸੀ। ਜੋ ਉਸ ਦੀ ਮਾਡਲਿੰਗ ਏਜੰਸੀ ਨੂੰ ਕੋਰੀਅਰ ਰਾਹੀਂ ਭੇਜਿਆ ਗਿਆ ਸੀ। ਇਸ ਵਿੱਚ ਪਾਮ ਬੀਚ ਦੀ ਇੱਕ ਫੋਟੋ ਸੀ। ਇਸ ਦੇ ਨਾਲ ਹੀ ਵਿਲੀਅਮਜ਼ ਦੇ ਕੁਝ ਦੋਸਤਾਂ ਨੇ ਵੀ ਇਸ ਘਟਨਾ ਬਾਰੇ ਗੱਲ ਕੀਤੀ ਹੈ। ਤਿੰਨਾਂ ਨੇ ਕਿਹਾ ਕਿ ਵਿਲੀਅਮਜ਼ ਨੇ ਉਨ੍ਹਾਂ ਨੂੰ 2006, 2015 ਅਤੇ 2018 ਵਿੱਚ ਟਰੰਪ ਅਤੇ ਐਪਸਟੀਨ ਨਾਲ ਹੋਈਆਂ ਘਟਨਾਵਾਂ ਬਾਰੇ ਦੱਸਿਆ ਸੀ।
ਟਰੰਪ ਦੀ ਚੋਣ ਮੁਹਿੰਮ ਨੂੰ ਕੀਤਾ ਰੱਦ
ਇਸ ਦੇ ਨਾਲ ਹੀ ਟਰੰਪ ਦੀ ਚੋਣ ਮੁਹਿੰਮ ਨੇ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਤੋਂ ਤੁਰੰਤ ਪਹਿਲਾਂ ਲਾਏ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਟਰੰਪ ਦੀ ਚੋਣ ਮੁਹਿੰਮ ਦੀ ਬੁਲਾਰਾ ਕੈਰੋਲਿਨ ਲੇਵਿਟ ਨੇ ਕਿਹਾ ਕਿ ਕਮਲਾ ਹੈਰਿਸ ਦੀ ਟੀਮ ਵੱਲੋਂ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਇਹ ਦਾਅਵੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਟਰੰਪ 'ਤੇ ਇਸ ਤੋਂ ਪਹਿਲਾਂ ਵੀ ਅਜਿਹੇ ਦੋਸ਼ ਲੱਗ ਚੁੱਕੇ ਹਨ।