ਨਵੀਂ ਦਿੱਲੀ: ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ (BPIA) ‘ਤੇ 10 ਦਿਨਾਂ ਦੀ ਮਿਆਦ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਤਵਾਦੀ ਸੰਗਠਨ ਅਲ-ਕਾਇਦਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦੇਣ ਤੋਂ ਬਾਅਦ ਉੜੀਸਾ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਦੌਰਾਨ 10 ਅਗਸਤ ਤੋਂ 20 ਅਗਸਤ ਤੱਕ ਹਵਾਈ ਅੱਡੇ ‘ਤੇ ਰੈੱਡ ਅਲਰਟ ਜਾਰੀ ਰਹੇਗਾ ਨਾਲ ਹੀ ਹਵਾਈ ਅੱਡੇ ‘ਤੇ ਸੁਰੱਖਿਆ ਦੇ ਨਜ਼ਰੀਏ ਨਾਲ ਇੱਕ ਨਵਾਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਾਵੇਗਾ। ਅੱਤਵਾਦੀ ਸੰਗਠਨ ਨੇ ਇੱਕ ਈਮੇਲ ਰਾਹੀਂ ਦਿੱਲੀ ਹਵਾਈ ਅੱਡੇ ‘ਤੇ 1-3 ਦਿਨਾਂ ਦੇ ਅੰਦਰ ਹਮਲਾ ਕਰਨ ਲਈ ਵਿਸਫੋਟਕਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ।ਬੀਪੀਆਈਏ ਦੇ ਨਿਰਦੇਸ਼ਕ ਪ੍ਰਵਤ ਰੰਜਨ ਬੇਊਰਿਆ ਨੇ ਕਿਹਾ ਕਿ ਅੱਤਵਾਦੀ ਸੰਗਠਨ ਵੱਲੋਂ ਜਾਰੀ ਖਤਰੇ ਦੇ ਮੱਦੇਨਜ਼ਰ ਦੇਸ਼ ਭਰ ਦੇ ਹਵਾਈ ਅੱਡਿਆਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਹਵਾਈ ਅੱਡੇ ਦੇ ਨਿਰਦੇਸ਼ਕ ਨੇ ਵਿਸਥਾਰ ਨਾਲ ਦੱਸਿਆ ਕਿ ਹਵਾਈ ਅੱਡੇ ‘ਤੇ ਸੁਰੱਖਿਆ ਦੀ ਸਖ਼ਤ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ ਮੁਸਾਫਰਾਂ ਲਈ ਮੀਟ ਐਂਡ ਗ੍ਰੀਟ ਦੇ ਨਿਯਮ ‘ਤੇ ਰੋਕ ਲਗਾਈ ਗਈ ਹੈ। ਨਾਲ ਹੀ ਮੁਸਾਫਰਾਂ ਲਈ ਕਿਸੇ ਵੀ ਤਰ੍ਹਾਂ ਵੀ.ਆਈ.ਪੀ. ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਸਿਰਫ ਟਿਕਟ ਧਾਰਕ ਮੁਸਾਫਰਾਂ ਨੂੰ ਹੀ ਹਵਾਈ ਅੱਡਾ ਪਰਿਸਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ।