Diwali News: ਦੀਵਾਲੀ ਆਉਣ ਵਿੱਚ ਕੁਝ ਹੀ ਦਿਨ ਬਚੇ ਹਨ। ਇਸਤੋਂ ਪਹਿਲਾਂ ਹੀ ਦੇਸ਼ ਭਰ ਵਿੱਚ ਦੀਵਾਲੀ ਨੂੰ ਲੈਕੇ ਕਾਫੀ ਰੌਣਕਾਂ ਨਜ਼ਰ ਆ ਰਹੀਆਂ ਹਨ। ਘਰ ਤੇ ਦੁਕਾਨਾਂ ਰੰਗ ਬਿਰੰਗੀ ਲੜੀਆਂ ਨਾਲ ਜਗਮਗ ਕਰ ਰਹੇ ਹਨ। ਇਸਦੇ ਨਾਲ ਨਾਲ ਹੁਣ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਦਰਅਸਲ ਇਹ ਖਬਰ ਰਾਜਸਥਾਨ ਦੀ ਹੈ, ਇੱਥੇ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਦੀਵਾਲੀ ਦਾ ਵੱਡਾ ਤੋਹਫਾ ਦੇਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਵਾਰ ਸਰਕਾਰ ਦੀਵਾਲੀ ਤੋਂ ਪਹਿਲਾਂ 30 ਅਕਤੂਬਰ ਨੂੰ ਹੀ ਸਾਰੇ ਮੁਲਾਜ਼ਮਾਂ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਦਾ ਭੁਗਤਾਨ ਕਰ ਦੇਵੇਗੀ, ਤਾਂ ਜੋ ਉਹ ਦੀਵਾਲੀ ਦਾ ਤਿਉਹਾਰ ਖੁਸ਼ੀ ਨਾਲ ਮਨਾ ਸਕਣ।
ਦੱਸ ਦਈਏ ਕਿ ਕੁਝ ਦਿਨਾਂ ਤੋਂ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੀਵਾਲੀ ਤੋਂ ਪਹਿਲਾਂ ਤਨਖਾਹ ਅਤੇ ਪੈਨਸ਼ਨ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 30 ਅਕਤੂਬਰ ਯਾਨੀ ਦੀਵਾਲੀ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨ ਦਿੱਤੀ ਜਾਵੇਗੀ।