ਨਵੀਂ ਦਿੱਲੀ : ਪੈਗਾਸਸ ਜਾਸੂਸੀ ਮਾਮਲੇ ਨਾਲ ਜੁੜੀਆਂ 9 ਪਟੀਸ਼ਨਾਂ ’ਤੇ ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ਅਗਲੇ ਸੋਮਵਾਰ ਤੱਕ ਟਲ ਗਈ ਹੈ। ਸੌਲਿਸਟਰ ਜਨਰਲ ਨੇ ਕਿਹਾ ਕਿ ਸ਼ਿਕਾਇਤ ਦੀ ਕਾਪੀ ਅਜੇ ਪੜ੍ਹੀ ਜਾ ਰਹੀ ਹੈ। ਕਾਪੀ ਪੜ੍ਹਨ ਤੋਂ ਬਾਅਦ ਹੀ ਉਹ ਆਪਣੀ ਦਲੀਲ ਰੱਖ ਸਕਣਗੇ। ਇਸ ਮਗਰੋਂ ਮੁੱਖ ਜੱਜ ਨੇ ਇਸ ਕੇਸ ਦੀ ਸੁਣਵਾਈ ਸੋਮਵਾਰ ਤੱਕ ਲਈ ਟਾਲ ਦਿੱਤੀ ਹੈ।
ਦਰਅਸਲ ਸੁਪਰੀਮ ਕੋਰਟ ਵਿੱਚ ਪੈਗਾਸਸ ਕੇਸ ਦੀ ਸੁਣਵਾਈ ਅੱਜ 11 ਸ਼ੁਰੂ ਹੋਈ ਸੀ। ਮੁੱਖ ਜੱਜ ਐਨ ਵੀ ਰਮਨ ਨੇ ਪੁੱਛਿਆ ਕਿ ਕੇਸ ਦੀ ਕਾਪੀ ਸਰਕਾਰ ਨੂੰ ਦੇ ਦਿੱਤੀ ਗਈ ਹੈ ਜਾਂ ਨਹੀਂ? ਇਸ ’ਤੇ ਸੌਲਿਸਟਰ ਜਨਰਲ ਨੇ ਕਿਹਾ ਕਿ ਯਸ਼ਵੰਤ ਸਿਨਹਾ ਨੂੰ ਛੱਡ ਕੇ ਸਾਰਿਆਂ ਦੀ ਕਾਪੀਆਂ ਮਿਲੀ ਗਈਆਂ ਹਨ ਜਿਸ ਨੂੰ ਉਹ ਪੜ੍ਹ ਰਹੇ ਹਨ। ਇਸ ਤੋਂ ਬਾਅਦ ਸਰਕਾਰ ਕੋਲੋਂ ਨਿਰਦੇਸ਼ ਲੈਣਗੇ, ਇਸ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਜਾਵੇ। ਮੁੱਖ ਜੱਜ ਨੇ ਕਿਹਾ ਕਿ ਸ਼ੁਕਰਵਾਰ ਨੂੰ ਉਨ੍ਹਾਂ ਨੂੰ ਕੋਈ ਸਮੱਸਿਆ ਹੈ। ਇਸ ਲਈ ਇਸ ਕੇਸ ਦੀ ਸੁਣਵਾਈ ਸੋਮਵਾਰ ’ਤੇ ਰੱਖੀ ਜਾ ਰਹੀ ਹੈ। ਇਸ ਦੌਰਾਨ ਮੁੱਖ ਜੱਜ ਐਨਵੀ ਰਮਨ ਨੇ ਕਿਹਾ ਕਿ ਜੋ ਵੀ ਪਟੀਸ਼ਨਕਰਤਾ ਸਾਡੇ ਸਾਹਮਣੇ ਹਨ, ਉਹ ਸਾਡੇ ਸਾਹਮਣੇ ਹੀ ਗੱਲ ਰੱਖਣ। ਸਾਡੇ ਸਵਾਲਾਂ ਦੇ ਜਵਾਬ ਦੇਣ। ਜੇਕਰ ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਹੀ ਗੱਲ ਰੱਖਣਾ ਚਾਹੁੰਦੇ ਹਨ ਤਾਂ ਅਲੱਗ ਗੱਲ ਹੈ। ਕਪਿਲ ਸਿੱਬਲ ਅਤੇ ਬਾਕੀ ਵਕੀਲਾਂ ਨੇ ਮੁੱਖ ਜੱਜ ਦੀ ਗੱਲ ’ਤੇ ਸਹਿਮਤੀ ਜਤਾਈ। ਇਸ ਦੌਰਾਨ ਕਪਿਲ ਸਿੱਬਲ ਨੇ ਕੈਲੀਫੋਰਨੀਆ ਕੋਰਟ ਦੀ ਕਾਰਵਾਈ ਦਾ ਵੀ ਜ਼ਿਕਰ ਕੀਤਾ।
ਇਸ ਮਾਮਲੇ ਵਿੱਚ ਪੱਤਰਕਾਰਾਂ, ਵਕੀਲਾਂ, ਸਮਾਜਿਕ ਕਾਰਕੁੰਨਾਂ ਅਤੇ ਐਡਿਟਰਸ ਗਿਲਡ ਆਫ਼ ਇੰਡੀਆ ਵੱਲੋਂ ਅਰਜ਼ੀਆਂ ਦਾਇਰ ਕਰਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਜਾਂਚ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਸੇਵਾਮੁਕਤ ਜਾਂ ਮੌਜੂਦਾ ਜੱਜ ਦੀ ਪ੍ਰਧਾਨਗੀ ਵਿੱਚ ਐਸਆਈਟੀ ਗਠਤ ਕਰਕੇ ਜਾਂਚ ਕਰਵਾਈ ਜਾਵੇ।
ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ 5 ਅਗਸਤ ਨੂੰ ਮੁੱਖ ਜੱਜ ਐਨਵੀ ਰਮਨ ਅਤੇ ਜਸਟਿਸ ਸੂਰਿਆਕਾਂਤ ਦੇ ਬੈਂਚ ਨੇ ਸੁਣਵਾਈ ਕੀਤੀ ਸੀ।