NRI News: ਭਾਰਤੀ ਮੂਲ ਦੇ ਮਸ਼ਹੂਰ ਉਦਯੋਗਪਤੀ ਪੰਕਜ ਓਸਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ 26 ਸਾਲਾ ਧੀ ਨੂੰ ਯੂਗਾਂਡਾ 'ਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਲਿਆ ਗਿਆ ਹੈ। ਭਾਰਤ-ਸਵਿਸ ਅਰਬਪਤੀ ਕਾਰੋਬਾਰੀ ਪੰਕਜ ਓਸਵਾਲ ਨੇ ਯੂਗਾਂਡਾ ਦੇ ਖਿਲਾਫ ਸੰਯੁਕਤ ਰਾਸ਼ਟਰ 'ਚ ਅਪੀਲ ਦਾਇਰ ਕੀਤੀ ਹੈ। ਓਸਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੀ 26 ਸਾਲਾ ਧੀ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ‘ਕਾਰਪੋਰੇਟ ਅਤੇ ਸਿਆਸੀ ਹੇਰਾਫੇਰੀ’ ਦੇ ਝੂਠੇ ਦੋਸ਼ਾਂ ਕਾਰਨ ਪਹਿਲੀ ਅਕਤੂਬਰ ਤੋਂ ਬਿਨਾਂ ਕਿਸੇ ਮੁਕੱਦਮੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ 17 ਦਿਨ ਹੋ ਗਏ ਹਨ ਅਤੇ ਇਸ ਤਰ੍ਹਾਂ ਉਸ ਦੀ ਧੀ ਵਸੁੰਧਰਾ ਓਸਵਾਲ ਨੂੰ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ, ਜਿੱਥੇ ਉਸ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।
ਪੰਕਜ ਓਸਵਾਲ ਦੀ ਬੇਟੀ 'ਤੇ ਲੱਗੇ ਇਹ ਇਲਜ਼ਾਮ
ਪੰਕਜ ਨੇ ਦਾਅਵਾ ਕੀਤਾ ਕਿ ਸਾਬਕਾ ਮੁਲਾਜ਼ਮ ਵੱਲੋਂ ਉਨ੍ਹਾਂ ਦੀ ਧੀ ਵਸੁੰਧਰਾ ਓਸਵਾਲ 'ਤੇ ਝੂਠੇ ਦੋਸ਼ ਲਾਏ ਗਏ ਹਨ। ਇਸ ਕਰਮਚਾਰੀ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਸੀ ਅਤੇ ਓਸਵਾਲ ਦੇ ਪਰਿਵਾਰ ਤੋਂ ਗਾਰੰਟਰ ਵਜੋਂ 2 ਲੱਖ ਡਾਲਰ ਦਾ ਕਰਜ਼ਾ ਲਿਆ ਸੀ। ਪੰਕਜ ਓਸਵਾਲ ਦੀ ਬੇਟੀ ਪੀਆਰਓ ਇੰਡਸਟਰੀਜ਼ ਦੀ ਕਾਰਜਕਾਰੀ ਨਿਰਦੇਸ਼ਕ ਹੈ ਅਤੇ ਕੰਪਨੀ ਦੇ ਕੰਮਕਾਜ ਦਾ ਵੱਡਾ ਹਿੱਸਾ ਉਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਵਸੁੰਧਰਾ ਦੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਵਿਚ ਟਾਇਲਟ ਦੇ ਫਰਸ਼ 'ਤੇ ਖੂਨ ਦਿਖਾਈ ਦੇ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ 90 ਘੰਟਿਆਂ ਤੋਂ ਵੱਧ ਸਮੇਂ ਤੱਕ ਜੁੱਤੀਆਂ ਨਾਲ ਭਰੇ ਕਮਰੇ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ, ਉਸ ਨੂੰ ਕਰੀਬ ਪੰਜ ਦਿਨਾਂ ਤੱਕ ਨਹਾਉਣ ਜਾਂ ਕੱਪੜੇ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਔਰਤ ਨੂੰ ਸਾਫ਼ ਪਾਣੀ ਅਤੇ ਸਹੀ ਭੋਜਨ ਵਰਗੀਆਂ ਬੁਨਿਆਦੀ ਲੋੜਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ। ਸੌਣ ਲਈ ਇੱਕ ਛੋਟਾ ਬੈਂਚ ਦਿੱਤਾ ਗਿਆ ਅਤੇ ਕਿਸੇ ਸ਼ੱਕੀ ਪਰੇਡ ਵਿੱਚ ਹਿੱਸਾ ਲੈਣ ਲਈ ਵੀ ਕਿਹਾ ਗਿਆ ਹੈ।
ਕੌਣ ਹੈ ਪੰਕਜ ਓਸਵਾਲ?
ਪੰਕਜ ਓਸਵਾਲ ਇੱਕ ਇੰਡੋ-ਸਵਿਸ ਕਾਰੋਬਾਰੀ ਹੈ ਜਿਸਨੇ ਬੁਰੂਪ ਹੋਲਡਿੰਗਜ਼ ਲਿਮਟਿਡ ਕੰਪਨੀ ਬਣਾਈ ਹੈ। ਇਹ ਕੰਪਨੀ ਪਰਥ ਵਿੱਚ ਸਥਿਤ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਡੀ ਤਰਲ ਅਮੋਨੀਆ ਬਣਾਉਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ। ਓਸਵਾਲ ਦੀ ਅਨੁਮਾਨਿਤ ਕੁੱਲ ਜਾਇਦਾਦ $3 ਬਿਲੀਅਨ ਡਾਲਰ ਤੋਂ ਵੱਧ ਹੈ।