Lawrence Bishnoi Gang Encounter: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਦਿੱਲੀ ਪੁਲਿਸ ਨੇ ਵੀਰਵਾਰ (17 ਅਕਤੂਬਰ) ਦੀ ਸਵੇਰ ਲਾਰੈਂਸ ਬਿਸ਼ਨੋਈ ਤੇ ਹਾਸ਼ਿਮ ਬਾਬਾ ਗੈਂਗ ਦਾ ਅੰਤਰਰਾਜੀ ਸ਼ਾਰਪ ਸ਼ੂਟਰ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ।
ਦਿੱਲੀ ਵਿੱਚ ਬਿਸ਼ਨੋਈ ਗੈਂਗ ਨਾਲ ਮੁਕਾਬਲਾ
ਪੁਲਿਸ ਵੱਲੋਂ ਫੜਿਆ ਗਿਆ ਇਹ ਸ਼ਾਰਪ ਸ਼ੂਟਰ ਯੋਗੇਸ਼ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਜਿਮ ਮਾਲਕ ਨਾਦਿਰ ਸ਼ਾਹ ਦੇ ਕਤਲ ਦਾ ਮੁੱਖ ਸ਼ੂਟਰ ਸੀ। ਪੁਲਿਸ ਕਾਰਵਾਈ ਦੌਰਾਨ ਇੱਕ ਸ਼ਾਰਪ ਸ਼ੂਟਰ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਇਕ ਬਿਨਾਂ ਨੰਬਰ ਵਾਲਾ ਮੋਟਰਸਾਈਕਲ, ਇਕ ਪਿਸਤੌਲ ਅਤੇ ਕਈ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਯੋਗੇਸ਼ ਕੁਮਾਰ ਉਰਫ਼ ਰਾਜੂ ਵਾਸੀ ਬਦਾਯੂੰ, (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਇਸ ਤੋਂ ਪਹਿਲਾਂ ਹਰਿਆਣਾ ਅਤੇ ਮੁੰਬਈ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁਖਵੀਰ ਉਰਫ਼ ਸੁੱਖਾ ਨੂੰ ਪਾਣੀਪਤ ਦੇ ਸੈਕਟਰ 29 ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਦੋਸ਼ੀ ਹੈ।
ਹਰਿਆਣਾ 'ਚ ਸ਼ੂਟਰ ਕਿਵੇਂ ਹੋਇਆ ਗ੍ਰਿਫਤਾਰ?
ਨਵੀਂ ਮੁੰਬਈ ਪੁਲਿਸ ਅਤੇ ਪਾਣੀਪਤ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਗੈਂਗ ਦੇ ਸ਼ੂਟਰ ਸੁਖਬੀਰ ਉਰਫ਼ ਸੁੱਖਾ ਦੀ ਗ੍ਰਿਫ਼ਤਾਰੀ ਦੀ ਕਹਾਣੀ ਬੜੀ ਦਿਲਚਸਪ ਹੈ। ਨਵੀਂ ਮੁੰਬਈ ਦੀ ਪਨਵੇਲ ਸਿਟੀ ਪੁਲਿਸ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਦੀ ਰੇਕੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। ਲਾਰੇਂਸ ਦੇ ਗੁੰਡਿਆਂ ਨੇ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਵਿੱਚ ਉਸ ਨੂੰ ਮਾਰਨ ਦੇ ਇਰਾਦੇ ਨਾਲ ਰੇਕੀ ਕੀਤੀ ਸੀ। ਉਸ ਸਮੇਂ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੁਖਬੀਰ ਉਰਫ ਸੁੱਖਾ ਇਸ ਮਾਮਲੇ 'ਚ ਫਰਾਰ ਸੀ, ਉਸ ਨੂੰ ਸਲਮਾਨ ਖਾਨ ਨੂੰ ਗੋਲੀ ਮਾਰਨ ਦਾ ਕੰਮ ਮਿਲਿਆ ਸੀ।
ਪਨਵੇਲ ਸਿਟੀ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਬੁੱਧਵਾਰ (16 ਅਕਤੂਬਰ 2024) ਨੂੰ ਪੁਲਿਸ ਟੀਮ ਉਸ ਦੀ ਭਾਲ ਵਿੱਚ ਪਾਣੀਪਤ ਪਹੁੰਚੀ। ਪਨਵੇਲ ਸਿਟੀ ਪੁਲਿਸ ਕੋਲ ਸੁੱਖਾ ਦੀ ਲਾਈਵ ਲੋਕੇਸ਼ਨ ਸੀ, ਉਹ ਪਾਣੀਪਤ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਪੁਲਿਸ ਟੀਮ ਦੇ ਕਈ ਲੋਕਾਂ ਨੇ ਉਸ ਹੋਟਲ ਦੇ ਵਿੱਚ ਕਮਰੇ ਬੁੱਕ ਕਰਵਾਏ।
ਇਸ ਤੋਂ ਬਾਅਦ ਪਾਣੀਪਤ ਪੁਲਿਸ ਨਾਲ ਸੰਪਰਕ ਕੀਤਾ ਗਿਆ। ਪਾਣੀਪਤ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜਿਸ ਕਮਰੇ ਦੇ ਅੰਦਰ ਸੁੱਖਾ ਮੌਜੂਦ ਸੀ, ਉਸ ਕਮਰੇ ਦਾ ਦਰਵਾਜ਼ਾ ਖੁਲਵਾਇਆ ਗਿਆ। ਪਹਿਲਾਂ ਤਾਂ ਪੁਲਿਸ ਵੀ ਲਾਰੈਂਸ ਦੇ ਸ਼ੂਟਰ ਸੁੱਖਾ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ, ਕਿਉਂਕਿ ਉਸ ਦੇ ਵਾਲ ਅਤੇ ਦਾੜ੍ਹੀ ਵਧੀ ਹੋਈ ਸੀ। ਉਸ ਦੀ ਦਿੱਖ ਬਿਲਕੁਲ ਵੀ ਮੇਲ ਨਹੀਂ ਖਾਂਦੀ ਸੀ, ਪਰ ਪੁੱਛਗਿੱਛ ਤੋਂ ਬਾਅਦ ਪੁਸ਼ਟੀ ਹੋਈ ਕਿ ਇਹ ਲਾਰੈਂਸ ਦਾ ਸ਼ੂਟਰ ਸੁੱਖਾ ਸੀ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।