Salman Khan Gets Y+ Security: ਸਲਮਾਨ ਖਾਨ ਦਾ ਨਾਮ ਇਹਨੀਂ ਦਿਨੀਂ ਖੂਬ ਸੁਰਖੀਆਂ ਚ ਚਲ ਰਿਹਾ ਹੈ। ਓਹਨਾ ਦੇ ਕਰੀਬੀ ਦੋਸਤ ਅਤੇ ਐਨ ਸੀ ਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਕੇ ਦਿੱਤੀ ਗਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇੱਕ ਪਾਸੇ ਜਿੱਥੇ ਸਲਮਾਨ ਖਾਨ ਆਪਣੇ ਕਰੀਬੀ ਦੋਸਤ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਦੇ ਕਤਲ ਤੋਂ ਬਾਅਦ ਡੂੰਘੇ ਸਦਮੇ ਵਿੱਚ ਹਨ, ਉੱਥੇ ਹੀ ਅਦਾਕਾਰ ਦੀ ਸੁਰੱਖਿਆ ਵਿੱਚ ਇੱਕ ਹੋਰ ਘੇਰਾਬੰਦੀ ਵਧਾ ਦਿੱਤੀ ਗਈ ਹੈ। ਇਸ ਸਾਲ ਅਪ੍ਰੈਲ 'ਚ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਉਥੇ ਹੀ ਹੁਣ ਬਾਬਾ ਸਿੱਦੀਕੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਦਿੱਤੀ ਧਮਕੀ ਕਾਰਨ ਅਦਾਕਾਰ ਦੀ ਵਾਈ-ਪਲੱਸ ਸੁਰੱਖਿਆ 'ਚ ਇਕ ਹੋਰ ਘੇਰਾਬੰਦੀ ਵਧਾ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਹੁਣ ਆਪਣੀ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ।
ਸਲਮਾਨ ਖਾਨ ਨੂੰ ਅਪ੍ਰੈਲ ਮਹੀਨੇ 'ਚ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਗਈ ਸੀ। ਇਸ ਵਿੱਚ ਐਕਟਰ ਦੀ ਕਾਰ ਦੇ ਨਾਲ ਪੁਲਿਸ ਦੀ ਐਸਕਾਰਟ ਕਾਰ ਵੀ ਚੱਲਦੀ ਹੈ। ਹਥਿਆਰਬੰਦ ਸੈਨਿਕ ਵੀ ਮੌਜੂਦ ਰਹਿੰਦੇ ਹਨ। ਹੁਣ ਮੁੰਬਈ ਪੁਲਿਸ ਨੇ ਇਸ ਵਿੱਚ ਇੱਕ ਹੋਰ ਪਰਤ ਜੋੜਨ ਦਾ ਫੈਸਲਾ ਕੀਤਾ ਹੈ ਯਾਨੀ ਘੇਰਾਬੰਦੀ ਵਧਾਉਣ ਦਾ। ਰਿਪੋਰਟ ਮੁਤਾਬਕ ਦਸਿਆ ਜਾਂਦਾ ਹੈ ਕਿ ਹੁਣ ਇੱਕ ਫੁੱਲੀ ਟਰੇਂਡ ਕਾਂਸਟੇਬਲ ਹਰ ਸਮੇਂ ਸਲਮਾਨ ਖਾਨ ਦੇ ਨਾਲ ਰਹੇਗਾ, ਜੋ ਹਰ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਮਾਹਰ ਹੋਵੇਗਾ।
ਸਲਮਾਨ ਤੇ ਅਲੱਗ ਤੋਂ ਰਹੇਗੀ ਬਾਡੀਗਾਰਡ ਸ਼ੇਰਾ ਦੀ ਘੇਰਾਬੰਦੀ
ਇਹ ਸੁਰੱਖਿਆ ਸਲਮਾਨ ਖਾਨ ਦੇ ਨਿੱਜੀ ਬਾਡੀਗਾਰਡ ਸ਼ੇਰਾ ਅਤੇ ਉਨ੍ਹਾਂ ਦੀ ਨਿੱਜੀ ਸੁਰੱਖਿਆ ਤੋਂ ਵੱਖਰੀ ਹੋਵੇਗੀ। ਅਪ੍ਰੈਲ ਮਹੀਨੇ 'ਚ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟਸ 'ਤੇ ਗੋਲੀਬਾਰੀ ਹੋਈ ਸੀ। ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਤੋਂ ਬਾਅਦ ਹੀ ਸਲਮਾਨ ਖਾਨ ਬੁਲੇਟ ਪਰੂਫ ਗੱਡੀ 'ਚ ਘੁੰਮਦੇ ਹਨ।
ਸ਼ੂਟਿੰਗ ਲੋਕੇਸ਼ਨਾਂ ਤੇ ਵੀ ਨਾਲ ਜਾਵੇਗੀ ਪੁਲਿਸ
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਲਮਾਨ ਖਾਨ ਹੁਣ ਸ਼ੂਟਿੰਗ ਲਈ ਜਿੱਥੇ ਵੀ ਜਾਣਗੇ, ਸਥਾਨਕ ਪੁਲਿਸ ਸਟੇਸ਼ਨ ਨੂੰ ਉਸ ਦੇ ਠਿਕਾਣੇ ਦੀ ਜਾਣਕਾਰੀ ਦਿੱਤੀ ਜਾਵੇਗੀ। ਇੱਕ ਪੁਲਿਸ ਟੀਮ ਸ਼ੂਟਿੰਗ ਸਥਾਨ ਦੀ ਪਹਿਲਾਂ ਤੋਂ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਫਾਰਮ ਹਾਊਸ ਦੇ ਅੰਦਰ ਅਤੇ ਬਾਹਰ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਸਲਮਾਨ ਦੇ ਘਰ ਤੋਂ ਫਾਰਮ ਹਾਊਸ ਤੱਕ ਪੁਲਿਸ ਤੈਨਾਤ
ਇਸ ਤੋਂ ਇਲਾਵਾ ਪੁਲਿਸ ਨੇ ਨਵੀਂ ਮੁੰਬਈ 'ਚ ਕਈ ਥਾਵਾਂ 'ਤੇ ਨਾਕੇਬੰਦੀ ਕਰਕੇ ਫਾਰਮ ਹਾਊਸ ਦੇ ਆਲੇ-ਦੁਆਲੇ ਘੁੰਮਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਹੈ। ਫਾਰਮ ਹਾਊਸ ਨੂੰ ਜਾਣ ਵਾਲੀ ਇੱਕ ਹੀ ਸੜਕ ਹੈ, ਜੋ ਇੱਕ ਪਿੰਡ ਵਿੱਚੋਂ ਲੰਘਦੀ ਹੈ। ਇਸ ਸਾਲ ਜੂਨ 'ਚ ਮੁੰਬਈ ਪੁਲਿਸ ਨੇ ਸਲਮਾਨ ਖਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਨੇੜੇ ਮਾਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਦੀ ਕਾਰ ਨੂੰ ਰੋਕ ਕੇ ਏਕੇ-47 ਰਾਈਫਲ ਨਾਲ ਗੋਲੀ ਮਾਰਨ ਦੀ ਯੋਜਨਾ ਬਣਾਈ ਸੀ। ਇਹ ਘਟਨਾ ਗਲੈਕਸੀ ਅਪਾਰਟਮੈਂਟਸ ਗੋਲੀਬਾਰੀ ਦੇ ਦੋ ਮਹੀਨੇ ਬਾਅਦ ਵਾਪਰੀ ਹੈ।
ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਗੈਂਗ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐੱਨਸੀਪੀ (ਅਜੀਤ ਪਵਾਰ) ਦੇ ਨੇਤਾ ਦਾ ਕਤਲ ਕੀਤਾ ਹੈ ਕਿਉਂਕਿ ਉਸ ਦੀ ਸਲਮਾਨ ਖਾਨ ਨਾਲ ਨਜ਼ਦੀਕੀ ਦੋਸਤੀ ਸੀ। ਸਲਮਾਨ ਨੂੰ ਪਿਛਲੇ ਕਈ ਸਾਲਾਂ 'ਚ ਲਾਰੇਂਸ ਬਿਸ਼ਨੋਈ ਗੈਂਗ ਤੋਂ ਕਈ ਧਮਕੀਆਂ ਮਿਲੀਆਂ ਹਨ।
ਸਲਮਾਨ ਖਾਨ ਵਰਕ ਫਰੰਟ
ਸਲਮਾਨ ਖਾਨ ਇਨ੍ਹੀਂ ਦਿਨੀਂ ਰਿਐਲਿਟੀ ਟੀਵੀ ਸ਼ੋਅ 'ਬਿੱਗ ਬੌਸ 18' ਨੂੰ ਹੋਸਟ ਕਰ ਰਹੇ ਹਨ। ਹੁਣ ਜਦੋਂ ਉਹ ਸ਼ੋਅ ਲਈ 'ਵੀਕੈਂਡ ਕਾ ਵਾਰ' ਐਪੀਸੋਡ ਦੀ ਸ਼ੂਟਿੰਗ ਕਰਨਗੇ ਤਾਂ ਪੁਲਿਸ ਟੀਮ ਪਹਿਲਾਂ ਤੋਂ ਹੀ ਲੋਕੇਸ਼ਨ 'ਤੇ ਮੌਜੂਦ ਹੋਵੇਗੀ। ਐਕਟਰ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕੀਤੀ ਜਾਵੇਗੀ।ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ, 'ਸਲਮਾਨ ਨੂੰ ਹਾਲ ਹੀ 'ਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦੇ ਨਾਲ ਵੱਡੀ ਸੁਰੱਖਿਆ ਫੋਰਸ ਮੌਜੂਦ ਸੀ। ਇਹ ਸ਼ੂਟਿੰਗ ਦੌਰਾਨ ਹਮੇਸ਼ਾ ਦੀ ਤਰ੍ਹਾਂ ਮੌਜੂਦ ਰਹੇਗੀ। ਫਿਲਹਾਲ ਸਲਮਾਨ ਦੇ ਸ਼ੈਡਿਊਲ 'ਚ ਕੋਈ ਬਦਲਾਅ ਨਹੀਂ ਹੋਇਆ ਹੈ।