Wednesday, April 02, 2025

Religion

Hukamnama Sahib: ਪੜ੍ਹੋ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ

October 12, 2024 07:25 AM

Hukamnama Sahib Today: ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥

ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਠਾਕੁਰ = ਹੇ ਮਾਲਕ! ਅਵਰੁ ਕਛੂ = ਹੋਰ ਕੁਝ ਭੀ। ਸੰਗਿ = ਨਾਲ। ਗੁਣ ਗਾਮ = (ਤੇਰੇ) ਗੁਣਾਂ ਦਾ ਗਾਉਣਾ, (ਤੇਰੀ) ਸਿਫ਼ਤਿ-ਸਾਲਾਹ ॥੧॥ ਰਹਾਉ ॥ ਤਰਵਰ = ਰੁੱਖ। ਛਾਮ = ਛਾਂ। ਧਾਇ = ਦੌੜ ਕੇ। ਬਹੁ ਬਿਧਿ = ਕਈ ਤਰੀਕਿਆਂ ਨਾਲ। ਧਾਵੈ = ਦੌੜਦਾ ਹੈ। ਧਾਇ ਧਾਇ ਧਾਵੈ = ਸਦਾ ਹੀ ਦੌੜਦਾ ਰਹਿੰਦਾ ਹੈ। ਨਿਰਾਰਥ = ਵਿਅਰਥ, ਨਿਸਫਲ ॥੧॥ ਅਵਰੁ = ਹੋਰ। ਚਾਹਉ = ਚਾਹਉਂ, ਮੈਂ ਚਾਹਾਂ, ਮੈਂ ਮੰਗਦਾ ਰਹਾਂ। ਖਾਮ = ਕੱਚੀ, ਨਾਸਵੰਤ। ਨਾਨਕ = ਹੇ ਨਾਨਕ! ਰੇਨ = ਚਰਨ-ਧੂੜ। ਬਿਸ੍ਰਾਮ = (ਭਟਕਣ ਤੋਂ) ਟਿਕਾਉ ॥੨॥੧॥੬॥

 

ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ। ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥ ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)। ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥ (ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥

Have something to say? Post your comment