ਚੰਡੀਗੜ੍ਹ: ਚੰਡੀਗੜ੍ਹ ‘ਚ ਐਤਵਾਰ ਨੂੰ ਹਰਿਆਣਾ ਕੇਡਰ ਦੇ ਇੱਕ ਆਈਏਐਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਮੀਨਾਕਸ਼ੀ ਯਾਦਵ ਅੰਬਾਲਾ ਵਿੱਚ ਭਾਰਤੀ ਡਾਕ ਸੇਵਾ ਵਿੱਚ ਉੱਚ ਅਹੁਦੇ ‘ਤੇ ਵੀ ਤਾਇਨਾਤ ਸੀ। ਕੰਟਰੋਲ ਰੂਮ ‘ਤੇ ਜਿਵੇਂ ਹੀ ਇਹ ਸੂਚਨਾ ਮਿਲੀ ਸੈਕਟਰ-19 ਥਾਣੇ ਦੇ ਇੰਚਾਰਜ ਇੰਸਪੈਕਟਰ ਮਲਕੀਤ ਸਿੰਘ, ਹੋਰ ਪੁਲਿਸ ਕਰਮਚਾਰੀ ਤੇ ਥਾਣੇ ਦੇ ਹੋਰ ਮਾਹਰ ਮੌਕੇ ‘ਤੇ ਪਹੁੰਚੇ। ਮਹਿਲਾ ਅਧਿਕਾਰੀ ਨੂੰ ਜੀਐਮਐਸਐਚ-16 ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰੀ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਿਸ ਆਈਏਐਸ ਅਧਿਕਾਰੀ ਦੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਸੀ ਜਾਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਸੀ।ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਪਤੀ ਤੇ ਉਸ ਦੀ ਧੀ ਘਰ ਵਿੱਚ ਸੀ। ਦੱਸ ਦਈਏ ਕਿ 2000 ਬੈਚ ਦੇ ਆਈਏਐਸ ਨਿਤਿਨ ਕੁਮਾਰ ਯਾਦਵ ਇਸ ਵੇਲੇ ਹਰਿਆਣਾ ਰੁਜ਼ਗਾਰ ਵਿਭਾਗ ਵਿੱਚ ਕਮਿਸ਼ਨਰ ਤੇ ਹਰਿਆਣਾ ਦੇ ਸਕੱਤਰ ਵਜੋਂ ਤਾਇਨਾਤ ਹਨ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੈਕਟਰ-19 ਥਾਣਾ ਪੁਲਿਸ ਵੱਖ–ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਖੁਦਕੁਸ਼ੀ ਦੀ ਇਹ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਹਰਿਆਣਾ ਕੇਡਰ ਦੇ ਅਧਿਕਾਰੀਆਂ ਲਈ ਹੈਰਾਨੀ ਦਾ ਵਿਸ਼ਾ ਬਣੀ ਹੋਈ ਹੈ।