ਨੀਰਜ ਚੋਪੜਾ ਦਾ ਟੋਕੀਓ 2020 ਸੋਨ ਤਗਮਾ ਜੇਤੂ ਜੈਵਲਿਨ ਹੁਣ ਓਲੰਪਿਕ ਮਿਊਜ਼ੀਅਮ ਦਾ ਸ਼ਿੰਗਾਰ ਬਣੇਗਾ। ਉਹਨਾਂ ਨੇ ਸਵਿਟਜ਼ਰਲੈਂਡ ਦੇ ਲੁਸਾਨੇ ਸਥਿਤ ਓਲੰਪਿਕ ਮਿਊਜ਼ੀਅਮ ਨੂੰ ਆਪਣਾ ਵਿਸ਼ੇਸ਼ ਜੈਵਲਿਨ ਗਿਫਟ ਕੀਤਾ ਹੈ। ਇਸ ਦੌਰਾਨ ਨੀਰਜ ਨੇ ਇਹ ਵੀ ਕਿਹਾ ਹੈ ਕਿ ਓਲੰਪਿਕ ਮਿਊਜ਼ੀਅਮ 'ਚ ਇਸ ਜੈਵਲਿਨ ਦੀ ਮੌਜੂਦਗੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।
ਇਸ ਖਾਸ ਮੌਕੇ 'ਤੇ ਨੀਰਜ ਦੇ ਨਾਲ ਓਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੀ ਮੌਜੂਦ ਸਨ। ਨੀਰਜ ਨੇ ਇੱਕ ਟਵੀਟ ਵਿੱਚ ਲਿਖਿਆ, 'ਓਲੰਪਿਕ ਮਿਊਜ਼ੀਅਮ ਦਾ ਦੌਰਾ ਕਰਨਾ ਅਤੇ ਉੱਥੇ ਆਪਣਾ ਟੋਕੀਓ 2020 ਜੈਵਲਿਨ ਦਾਨ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੈਨੂੰ ਉਮੀਦ ਹੈ ਕਿ ਜੈਵਲਿਨ ਦਾ ਉੱਥੇ ਹੋਣਾ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ। ਇਹ ਮੌਕਾ ਹੋਰ ਵੀ ਖਾਸ ਸੀ ਕਿਉਂਕਿ ਇਸ ਦੌਰਾਨ ਅਭਿਨਵ ਬਿੰਦਰਾ ਸਰ ਵੀ ਮੇਰੇ ਨਾਲ ਸਨ। ਦੱਸ ਦੇਈਏ ਕਿ ਅਭਿਨਵ ਬਿੰਦਰਾ ਨੇ ਬੀਜਿੰਗ ਓਲੰਪਿਕ 2008 ਵਿੱਚ ਸੋਨ ਤਮਗਾ ਜਿੱਤਣ ਵਾਲੀ ਰਾਈਫਲ ਵੀ ਇਸੇ ਮਿਊਜ਼ੀਅਮ ਵਿੱਚ ਭੇਂਟ ਕੀਤੀ ਹੈ।
ਨੀਰਜ ਚੋਪੜਾ ਨੇ ਟੋਕੀਓ 2020 ਓਲੰਪਿਕ ਵਿੱਚ 87.58 ਮੀਟਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ। ਓਲੰਪਿਕ ਦੇ ਇਤਿਹਾਸ ਵਿੱਚ, ਉਹ ਭਾਰਤ ਲਈ ਟਰੈਕ ਅਤੇ ਫੀਲਡ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਉਹਨਾਂ ਨੇ ਇਸ ਸਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਇਤਿਹਾਸ ਰਚਿਆ। ਇੱਥੇ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ। ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣ ਗਿਆ। ਉਸ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ ਲੰਬੀ ਛਾਲ ਵਿੱਚ ਭਾਰਤ ਨੂੰ ਤਮਗਾ ਦਿਵਾਇਆ ਸੀ।