Ghulam Nabi Azad Quit Congress: ਪਹਿਲਾਂ ਹੀ ਵੱਡੇ ਸੰਕਟ ਵਿੱਚੋਂ ਲੰਘ ਰਹੀ ਕਾਂਗਰਸ ਪਾਰਟੀ ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਲੱਗਾ। ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਅੱਜ ਆਪਣੀ ਮੁੱਢਲੀ ਮੈਂਬਰਸ਼ਿਪ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੰਜ ਪੰਨਿਆਂ ਦੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰੀ ਮਨ ਨਾਲ ਅਜਿਹਾ ਕੀਤਾ ਹੈ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਗੁਲਾਮ ਨਬੀ ਆਜ਼ਾਦ ਦੇ ਅਸਤੀਫਾ ਦੇ ਪੱਤਰ 'ਚ ਉਨ੍ਹਾਂ ਨੇ ਲਿਖਿਆ ਵੱਡੇ ਅਫਸੋਸ ਤੇ ਬੇਹੱਦ ਭਾਵੁਕ ਦਿਲ ਨਾਲ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਆਪਣਾ ਸਦੀ ਪੁਰਾਣਾ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ।
ਗੁਲਾਮ ਨਬੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਹੈ ਕਿ ਰਾਹੁਲ ਗਾਂਧੀ ਦੇ ਉਪ ਪ੍ਰਧਾਨ ਬਣਨ ਤੋਂ ਬਾਅਦ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਸੀਨੀਅਰ ਨੇਤਾਵਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ ਅਤੇ ਅਨੁਭਵਹੀਨ ਚਾਪਲੂਸ ਪਾਰਟੀ ਦੀ ਵਾਗਡੋਰ ਸੰਭਾਲ ਲਈ ਹੈ।
ਗੁਲਾਮ ਨਬੀ ਨੇ ਪੱਤਰ ਵਿੱਚ ਅੱਗੇ ਲਿਖਿਆ, "ਆਰਡੀਨੈਂਸ ਨੂੰ ਪਾੜਨਾ ਰਾਹੁਲ ਗਾਂਧੀ ਦੀ ਇੱਕ ਵੱਡੀ ਅਪਣਪਤਾ ਸੀ। ਰਾਹੁਲ ਗਾਂਧੀ ਦੀ ਇਹ ਹਰਕਤ ਬਚਕਾਨਾ ਸੀ। 2019 ਵਿੱਚ ਆਪਣੇ ਅਸਤੀਫੇ ਤੋਂ ਬਾਅਦ ਰਾਹੁਲ ਨੇ ਸੀਨੀਅਰ ਨੇਤਾਵਾਂ ਦਾ ਅਪਮਾਨ ਕੀਤਾ। ਯੂਪੀਏ ਸਰਕਾਰ ਦਾ ਰਿਮੋਟ ਕੰਟਰੋਲ ਮਾਡਲ ਲਾਗੂ ਕੀਤਾ ਗਿਆ ਹੈ। ਹੁਣ ਰਾਹੁਲ ਗਾਂਧੀ ਦੇ ਪੀਏ ਅਤੇ ਸੁਰੱਖਿਆ ਕਰਮਚਾਰੀ ਫੈਸਲਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗ਼ੁਲਾਮ ਬਨੀ ਆਜ਼ਾਦ ਨੇ ਜੰਮੂ-ਕਸ਼ਮੀਰ ਵਿੱਚ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੇ ਦੋ ਘੰਟੇ ਬਾਅਦ ਹੀ ਅਹੁਦਾ ਛੱਡ ਦਿੱਤਾ ਸੀ। ਕਿਹਾ ਜਾ ਰਿਹਾ ਹੈ ਕਿ ਆਜ਼ਾਦ ਕਮੇਟੀਆਂ ਦੇ ਗਠਨ ਤੋਂ ਨਾਰਾਜ਼ ਹਨ। ਆਜ਼ਾਦ ਦੀ ਸ਼ਿਕਾਇਤ ਹੈ ਕਿ ਕਮੇਟੀਆਂ ਬਣਾਉਣ ਵੇਲੇ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।