New Delhi : ਜੱਜਾਂ ਬਾਰੇ ਇਤਰਾਜ਼ਯੋਗ ਪੋਸਟਾਂ ਪਾ ਕੇ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਪੰਜ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਸੋਸ਼ਲ ਮੀਡੀਆ ’ਤੇ ਵਿਵਾਦਪੂਰਨ ਪੋਸਟਾਂ ਪਾਉਣ ਦੇ ਦੋਸ਼ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਸਨਿਚਰਵਾਰ ਨੂੰ ਆਂਧਰਾ ਪ੍ਰਦੇਸ਼ ਤੋਂ ਇਸ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ 3 ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਜਾਂਚ ਏਜੰਸੀਆਂ ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀਜੇਆਈ) ਐਨ.ਵੀ. ਰਮਨਾ ਦੀ ਸਖਤ ਟਿੱਪਣੀ ਤੋਂ ਬਾਅਦ ਆਈ ਹੈ। ਚੀਫ ਜਸਟਿਸ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਹੇਠਲੀਆਂ ਅਦਾਲਤਾਂ ਦੇ ਜੱਜ ਧਮਕੀਆਂ ਮਿਲਣ ਬਾਰੇ ਸ਼ਿਕਾਇਤ ਕਰਦੇ ਹਨ, ਤਾਂ ਸੀਬੀਆਈ ਅਤੇ ਆਈਬੀ ਕਾਰਵਾਈ ਨਹੀਂ ਕਰਦੇ। ਚੀਫ ਜਸਟਿਸ ਨੇ ਇਹ ਟਿੱਪਣੀ ਸ਼ੁੱਕਰਵਾਰ ਨੂੰ ਧਨਬਾਦ (ਝਾਰਖੰਡ) ਦੇ ਜ਼ਿਲ੍ਹਾ ਜੱਜ ਦੇ ਕਤਲ ਦੀ ਸੁਣਵਾਈ ਦੌਰਾਨ ਕੀਤੀ ਸੀ।
ਚੀਫ ਜਸਟਿਸ ਨੇ ਕਿਹਾ ਸੀ, ‘ਸੀਬੀਆਈ ਨੇ ਕੁਝ ਨਹੀਂ ਕੀਤਾ। ਅਸੀਂ ਸੀਬੀਆਈ ਦੇ ਰਵੱਈਏ ਵਿੱਚ ਕੁਝ ਬਦਲਾਅ ਦੀ ਉਮੀਦ ਕਰ ਰਹੇ ਸੀ, ਪਰ ਅਜਿਹਾ ਨਹੀਂ ਹੋਇਆ। ਅਜਿਹੇ ਹਾਲਾਤਾਂ ਨੂੰ ਬਿਆਨ ਕਰਨਾ ਬਹੁਤ ਦੁੱਖ ਦੀ ਗੱਲ ਹੈ?।’ ਇਸ ਟਿੱਪਣੀ ਦੇ ਨਾਲ, ਸੀਜੇਆਈ ਨੇ ਕੇਂਦਰ ਸਰਕਾਰ ਨੂੰ ਜੱਜਾਂ ਦੀ ਸੁਰੱਖਿਆ ਲਈ ਪੇੰਡਿੰਗ ਅਰਜ਼ੀ ‘ਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਸੀ। ਸੀਜੇਆਈ ਨੇ ਇਹ ਵੀ ਕਿਹਾ ਸੀ ਕਿ ‘ਜਾਂਚ ਏਜੰਸੀਆਂ ਬਿਲਕੁਲ ਮਦਦ ਨਹੀਂ ਕਰਦੀਆਂ ਅਤੇ ਮੈਂ ਇਹ ਕੁਝ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਹਿ ਰਿਹਾ ਹਾਂ। ਕੁਝ ਕੀਤਾ ਜਾਣਾ ਚਾਹੀਦਾ ਹੈ।’ ਵਾਈਐਸਆਰ ਕਾਂਗਰਸ ਦੇ ਸਾਂਸਦ ਨੰਦੀਗਮ ਸੁਰੇਸ਼ ਅਤੇ ਅਮਾਂਚੀ ਕ੍ਰਿਸ਼ਨਾ ਮੋਹਨ ਵੀ ਜੱਜਾਂ ਦੇ ਸੰਬੰਧ ਵਿੱਚ ਵਿਵਾਦਪੂਰਨ ਪੋਸਟਾਂ ਪਾਉਣ ਦੇ ਲਈ ਜਾਂਚ ਦੇ ਦਾਇਰੇ ਅਧੀਨ ਹਨ। ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ ਕਿ ਇੱਕ ਵੱਡੀ ਸਾਜ਼ਿਸ਼ ਦੀ ਜਾਂਚ ਲਈ ਇੱਕ ਸੰਸਦ ਮੈਂਬਰ ਅਤੇ ਕੁਝ ਸਾਬਕਾ ਵਿਧਾਇਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਦੇ ਨਾਂ ਐਫਆਈਆਰ ਵਿੱਚ ਨਹੀਂ ਹਨ।