ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਲਖਨਊ ਦੀ ਏਸੀਜੇਐਮ ਅਦਾਲਤ ਨੇ ਸਪਨਾ ਚੌਧਰੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸਪਨਾ ਚੌਧਰੀ 'ਤੇ ਡਾਂਸ ਸ਼ੋਅ ਦੇ ਨਾਂ 'ਤੇ ਲੱਖਾਂ ਰੁਪਏ ਜਮ੍ਹਾ ਕਰਵਾਉਣ ਤੇ ਪ੍ਰੋਗਰਾਮ ਨਾ ਕਰ ਕੇ ਪੈਸੇ ਹੜੱਪਣ ਦਾ ਦੋਸ਼ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 13 ਅਕਤੂਬਰ 2018 ਨੂੰ ਸਪਨਾ ਚੌਧਰੀ ਖਿਲਾਫ ਆਸ਼ਿਆਨਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2018 ਦਾ ਹੈ। 13 ਅਕਤੂਬਰ ਨੂੰ ਇਕ ਪੁਲਿਸ ਅਧਿਕਾਰੀ ਨੇ ਸਪਨਾ ਚੌਧਰੀ 'ਤੇ ਆਸ਼ਿਆਨਾ ਥਾਣੇ 'ਚ ਧੋਖਾਧੜੀ ਦਾ ਦੋਸ਼ ਲਾਇਆ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸੇ ਦਿਨ ਲਖਨਊ ਦੇ ਉਪਵਨ 'ਚ ਸਪਨਾ ਚੌਧਰੀ ਦਾ ਡਾਂਸ ਪ੍ਰੋਗਰਾਮ ਹੋਣਾ ਸੀ, ਜਿਸ ਦੀਆਂ ਹਜ਼ਾਰਾਂ ਟਿਕਟਾਂ ਵੀ ਵੇਚੀਆਂ ਗਈਆਂ ਸਨ। ਸਪਨਾ ਚੌਧਰੀ ਨੂੰ ਐਡਵਾਂਸ ਰਕਮ ਵੀ ਦਿੱਤੀ ਗਈ ਸੀ ਪਰ ਸਪਨਾ ਸਮਾਗਮ ਵਿੱਚ ਨਹੀਂ ਪਹੁੰਚੀ, ਜਿਸ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਸਪਨਾ ਨੇ ਇਸ ਸਮਾਗਮ ਲਈ ਜੋ ਪੈਸੇ ਲਏ ਸਨ, ਉਹ ਵੀ ਪ੍ਰਬੰਧਕਾਂ ਨੂੰ ਵਾਪਸ ਨਹੀਂ ਕੀਤੇ ਗਏ।