Terroist Arrested : ਐਲਓਸੀ 'ਤੇ ਆਤਮਘਾਤੀ ਹਮਲਾ ਕਰਨ ਲਈ ਭਾਰਤ ਆਏ ਇਕ ਅੱਤਵਾਦੀ ਨੂੰ ਫੌਜ ਨੇ ਐਲਓਸੀ 'ਤੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਐਲਓਸੀ ਦੇ ਨੌਸ਼ਹਿਰਾ ਸੈਕਟਰ ਵਿੱਚ ਹੋਏ ਇਸ ਮੁਕਾਬਲੇ ਵਿੱਚ ਪਾਕਿਸਤਾਨੀ ਅੱਤਵਾਦੀ ਤਬਰਾਕ ਹੁਸੈਨ ਜ਼ਖ਼ਮੀ ਹੋ ਗਿਆ। ਖਾਸ ਗੱਲ ਇਹ ਹੈ ਕਿ ਤਬਰਾਕ ਹੁਸੈਨ ਦੂਜੀ ਵਾਰ ਭਾਰਤ 'ਚ ਫੜਿਆ ਗਿਆ ਸੀ। ਇਸ ਤੋਂ ਪਹਿਲਾਂ 2016 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 26 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਐਤਵਾਰ ਨੂੰ ਜਦੋਂ ਭਾਰਤੀ ਫੌਜ ਨੇ ਨੌਸ਼ਹਿਰਾ ਸੈਕਟਰ 'ਚ ਘੁਸਪੈਠ ਕਰਦੇ ਹੋਏ ਤਬਰਾਕ ਹੁਸੈਨ ਨੂੰ ਕਾਬੂ ਕੀਤਾ ਤਾਂ ਉਹ ਉੱਚੀ-ਉੱਚੀ ਚੀਕਣ ਲੱਗਾ ਕਿ ਉਹ ਇੱਥੇ ਮਰਨ ਆਇਆ ਹੈ। ਭਾਰਤੀ ਫੌਜ ਵੱਲੋਂ ਚਲਾਈ ਗਈ ਗੋਲੀ ਕਾਰਨ ਤਬਰਾਕ ਜ਼ਖਮੀ ਹੋ ਗਿਆ। ਗ੍ਰਿਫਤਾਰੀ ਦੇ ਸਮੇਂ ਉਹ ਨਸ਼ੇ ਦੀ ਖੁਰਾਕ ਲੈ ਰਿਹਾ ਸੀ। ਸੂਤਰਾਂ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਹਾਲ ਹੀ 'ਚ ਛਾਤੀ, ਕੱਛਾਂ ਅਤੇ ਸਰੀਰ ਦੇ ਗੁਪਤ ਅੰਗਾਂ 'ਤੇ ਵਾਲ ਮੁੰਨਵਾਏ ਸਨ। ਆਤਮਘਾਤੀ ਹਮਲੇ ਤੋਂ ਪਹਿਲਾਂ ਇਸਲਾਮਿਕ ਜੇਹਾਦੀ ਅਜਿਹਾ ਹੀ ਕਰਦੇ ਹਨ।
ਜਾਣਕਾਰੀ ਮੁਤਾਬਕ ਤਬਰਾਕ ਹੁਸੈਨ ਦੀ ਉਮਰ ਕਰੀਬ 26 ਸਾਲ ਹੈ ਅਤੇ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਕੋਟਲੀ ਇਲਾਕੇ ਦਾ ਰਹਿਣ ਵਾਲਾ ਹੈ, ਜੋ ਕਿ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਲੱਗਦੇ ਖੇਤਰ ਹੈ। ਅਪ੍ਰੈਲ 2016 ਵਿਚ ਵੀ ਤਬਰਾਕ ਹੁਸੈਨ ਨੇ ਆਪਣੇ ਦੋ ਸਾਥੀਆਂ ਨਾਲ ਨੌਸ਼ਹਿਰਾ ਸੈਕਟਰ ਤੋਂ ਹੀ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਤਬਰਾਕ ਅਤੇ ਉਸ ਦੇ ਸਾਥੀ ਹਾਰੂਨ ਅਲੀ (ਵਾਸੀ, ਕੋਟਲੀ, ਪੀਓਕੇ) ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਉਸਦਾ ਤੀਜਾ ਸਾਥੀ ਪੀਓਕੇ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।