Himachal Pradesh Rainfall: ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਾਰਨ ਭਾਰੀ ਜ਼ਮੀਨ ਖਿਸਕ ਗਈ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਹੜ੍ਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ 'ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਲਾਪਤਾ ਹੋ ਗਏ। ਇਸ ਦੇ ਨਾਲ ਹੀ 12 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਕਾਂਗੜਾ, ਚੰਬਾ, ਬਿਲਾਸਪੁਰ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸਟੇਟ ਆਈਐਮਡੀ ਦੇ ਡਿਪਟੀ ਡਾਇਰੈਕਟਰ ਬੂਈ ਲਾਲ ਨੇ ਕਿਹਾ, “ਅਗਲੇ 5 ਦਿਨਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੇਖਣ ਨੂੰ ਮਿਲੇਗੀ। ਪੂਰੇ ਸੂਬੇ ਲਈ ਅਗਲੇ 12 ਘੰਟਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, 24 ਅਗਸਤ ਤੱਕ ਬਾਕੀ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਖਰਾਬੀ ਦੀਆਂ 36 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਸੁਦੇਸ਼ ਕੁਮਾਰ ਮੋਖਤਾ ਨੇ ਅੱਗੇ ਦੱਸਿਆ ਕਿ ਮੰਡੀ ਵਿੱਚ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਅਤੇ ਸ਼ੌਘੀ ਵਿੱਚ ਸ਼ਿਮਲਾ-ਚੰਡੀਗੜ੍ਹ ਹਾਈਵੇਅ ਸਮੇਤ 743 ਸੜਕਾਂ ਪਾਣੀ ਭਰ ਜਾਣ ਕਾਰਨ ਬੰਦ ਹੋ ਗਈਆਂ ਹਨ।