ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਵਿੱਚ ਨਾ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ ਹੈ। ਖ਼ਬਰ ਮੁਤਾਬਕ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚਾ ਉੱਤੇ ਉਨ੍ਹਾਂ ਖ਼ਿਲਾਫ਼ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਹਨ। ਪੱਖਪਾਤ ਦੇ ਇਨ੍ਹਾਂ ਇਲਜ਼ਾਮਾਂ ਦੇ ਨਾਲ ਹੀ ਚਢੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬੌਡੀ ਦੀ ਮੀਟਿੰਗ ਸਣੇ 9 ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ। ਖ਼ਬਰ ਮੁਤਾਬਕ ਮੋਰਚਾ ਦੇ ਲੀਡਰਾਂ ਦਰਮਿਆਨ ਫ਼ਿਰ ਤੋਂ ਵੱਖਰੇਵੇਂ ਸਾਹਮਣੇ ਆ ਰਹੇ ਹਨ, ਜਦੋਂ ਚਢੂਨੀ ਨੇ ਮੋਰਚਾ ਦੇ ਖ਼ਾਸ ਤੌਰ 'ਤੇ ਪੰਜਾਬ ਵਾਲੇ ਲੀਡਰਾਂ ਨੂੰ ਇਸ ਗੱਲ ਦਾ ਦੋਸ਼ੀ ਠਹਿਰਾਇਆ ਕਿ ਉਨ੍ਹਾਂ ਚਢੂਨੀ ਥ਼ਿਲਾਫ਼ ਪੱਖਪਾਤੀ ਵੀਡੀਓ ਮੈਸੇਜ ਦਿੱਤੇ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹਨ। ਚਢੂਨੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਉਹ ਮੇਰੇ ਖ਼ਿਲਾਫ਼ ਪੱਖਪਾਤੀ ਰਹੇ ਹਨ। ਮੇਰੇ ਖ਼ਿਲਾਫ਼ ਉਨ੍ਹਾਂ ਦੋ ਵਾਰ ਐਕਸ਼ਨ ਲਿਆ ਪਰ ਸ਼ਿਵ ਕੁਮਾਰ ਕੱਕਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।