ਟੋਕੀਉ: ਨੀਰਜ ਚੋਪੜਾ ਨੇ ਟੋਕੀਉ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਅਪਣੀ ਜਿੱਤ ਮਿਲਖਾ ਸਿੰਘ ਸਮੇਤ ਉਹਨਾਂ ਐਥਲੀਟਾਂ ਨੂੰ ਸਮਰਪਿਤ ਕਰਦੇ ਹਨ, ਜੋ ਮਾਮੂਲੀ ਅੰਤਰ ਨਾਲ ਮੈਡਲ ਤੋਂ ਖੁੰਝਦੇ ਰਹੇ। ਉਹਨਾਂ ਕਿਹਾ. ‘ਮੈਂ ਅਪਣਾ ਬੇਸਟ ਦੇਣਾ ਸੀ ਪਰ ਮੈਂ ਗੋਲਡ ਮੈਡਲ ਬਾਰੇ ਨਹੀਂ ਸੋਚਿਆ ਸੀ। ਮੈਂ ਮਿਲਖਾ ਸਿੰਘ ਨੂੰ ਮੈਡਲ ਨਾਲ ਮਿਲਣਾ ਚਾਹੁੰਦਾ ਸੀ’। ਦੱਸ ਦਈਏ ਕਿ ਭਾਰਤ ਦਾ ਉਲੰਪਿਕ ਅਥਲੈਟਿਕਸ ਵਿਚ ਇਹ ਪਹਿਲਾ ਮੈਡਲ ਹੈ। ਉੱਥੇ ਹੀ ਉਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿਚ ਭਾਰਤ ਨੂੰ 13 ਸਾਲ ਬਾਅਦ ਦੂਜਾ ਮੈਡਲ ਮਿਲਿਆ ਹੈ। ਬੀਜਿੰਗ ਉਲੰਪਿਕ 2008 ਵਿਚ ਪਹਿਲੀ ਵਾਰ ਗੋਲਡ ਮੈਡਣ ਦਿੱਗਜ ਸ਼ੂਟਰ ਅਭਿਨਵ ਬਿੰਦਰਾ ਨੂੰ ਮਿਲਿਆ ਸੀ। ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਮਰਹੂਮ ਐਥਲੀਟ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ ਹੈ। ਨੀਰਜ ਨੇ ਫਾਈਨਲ ਮੁਕਾਬਲੇ ਵਿਚ 87.58 ਮੀਟਰ ਦਾ ਥ੍ਰੋਅ ਕਰਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਦਾ ਸੁਪਨਾ ਸੀ ਕਿ ਕੋਈ ਭਾਰਤੀ ਟਰੈਕ ਅਤੇ ਫੀਲਡ ਵਿਚ ਉਲੰਪਿਕ ਮੈਡਲ ਜਿੱਤੇ। ਨੀਰਜ ਚੋਪੜਾ ਤੋਂ ਪਹਿਲਾਂ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਸ਼੍ਰੀਰਾਮ ਸਿੰਘ, ਪੀਟੀ ਊਸ਼ਾ, ਅੰਜੂ ਬਾਬੀ ਜਾਰਜ, ਕ੍ਰਿਸ਼ਨਾ ਪੁਨੀਆ ਅਤੇ ਕਮਲਪ੍ਰੀਤ ਕੌਰ ਉਲੰਪਿਕ ਦੇ ਟਰੈਕ ਐਂਡ ਫੀਲਡ ਦੇ ਫਾਈਨਲ ਤੱਕ ਪਹੁੰਚੇ ਸੀ ਪਰ ਉਹ ਮੈਡਲ ਨਹੀਂ ਜਿੱਤ ਸਕੇ। ਮਿਲਖਾ ਸਿੰਘ ਨੇ ਕਿਹਾ ਸੀ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਵਿਚ ਅਥਲੈਟਿਕਸ ਵਿਚ ਹੁਨਰ ਹੈ। ਰੋਮ 1960 ਵਿਚ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਕੋਈ 400 ਮੀਟਰ ਜਿੱਤੇਗਾ ਤਾਂ ਉਹ ਮਿਲਖਾ ਸਿੰਘ ਹੋਣਗੇ (ਪਰ ਅਜਿਹਾ ਨਹੀਂ ਹੋਇਆ)। ਮੇਰਾ ਸੁਪਨਾ ਹੈ ਕਿ ਮੈਂ ਉਲੰਪਿਕ ਵਿਚ ਇਕ ਨੌਜਵਾਨ ਖਿਡਾਰੀ ਨੂੰ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤਦੇ ਦੇਖਾਂ’।