ਨਵੀਂ ਦਿੱਲੀ : ਫੁੱਟਬਾਲ ਦੀ ਸਿਖਰਲੀ ਸੰਸਥਾ FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਫੁੱਟਬਾਲ ਫੈਡਰੇਸ਼ਨ 'ਚ ਸੁਪਰੀਮ ਕੋਰਟ ਦੇ ਦਖਲ ਕਾਰਨ ਫੀਫਾ ਨੇ ਇਹ ਕਦਮ ਚੁੱਕਿਆ ਹੈ। AIFF ਦੀ ਮੁਅੱਤਲੀ ਦਾ ਅਸਰ ਭਾਰਤ 'ਚ ਹੋਣ ਵਾਲੇ ਮਹਿਲਾ ਅੰਡਰ-17 ਵਿਸ਼ਵ ਕੱਪ 'ਤੇ ਵੀ ਪਿਆ ਹੈ। ਉਹ ਵੀ ਹੁਣ ਸਸਪੈਂਡ ਹੋ ਚੁੱਕਾ ਹੈ। ਦੱਸ ਦੇਈਏ ਕਿ ਅੰਡਰ-17 ਮਹਿਲਾ ਵਿਸ਼ਵ ਕੱਪ 11 ਤੋਂ 30 ਅਕਤੂਬਰ ਤੱਕ ਭਾਰਤ ਵਿੱਚ ਹੋਣਾ ਸੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ 'ਤੇ ਮੁਅੱਤਲੀ ਦੇ ਬੱਦਲ ਲੰਬੇ ਸਮੇਂ ਤੋਂ ਮੰਡਰਾ ਰਹੇ ਸਨ ਅਤੇ ਹੁਣ ਉਹੀ ਹੋਇਆ ਜਿਸਦਾ ਡਰ ਸੀ। ਫੀਫਾ ਨੇ ਕਿਹਾ ਕਿ ਭਾਰਤੀ ਫੁੱਟਬਾਲ ਸੰਘ ਨੂੰ ਮੁਅੱਤਲ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਫੀਫਾ ਨੇ ਆਪਣੇ ਬਿਆਨ 'ਚ ਕਿਹਾ, ''ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨਾ ਕੌਂਸਲ ਦਾ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਸੀ। ਅਜਿਹਾ ਇਸ ਲਈ ਕਿਉਂਕਿ ਇੱਥੇ ਬਹੁਤ ਸਾਰੀਆਂ ਤੀਜੀ ਧਿਰਾਂ ਦੀ ਦਖਲਅੰਦਾਜ਼ੀ ਸੀ, ਜੋ ਫੀਫਾ ਦੇ ਨਿਯਮਾਂ ਅਤੇ ਉਸ ਦੇ ਦਰਜੇ ਦੇ ਖਿਲਾਫ਼ ਸੀ।