ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਏਅਰਪੋਰਟ 'ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਗੋਲੀਬਾਰੀ ਮਗਰੋਂ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ। ਜਿਸ ਮਗਰੋਂ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ ਗਿਆ। ਜ਼ਿਕਰਯੋਗ ਹੈ ਕਿ ਏਅਰਪੋਰਟ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਘਟਨਾ ਦੀਆਂ ਕੁਝ ਤਸਵੀਰਾਂ ਕੈਨਬਰਾ ਏਅਰਪੋਰਟ ਤੋਂ ਸਾਹਮਣੇ ਆਈਆਂ ਹਨ, ਜਿਸ 'ਚ ਦੋ ਸੁਰੱਖਿਆ ਕਰਮਚਾਰੀ ਜ਼ਮੀਨ 'ਤੇ ਪਏ ਇਕ ਵਿਅਕਤੀ ਨੂੰ ਹੱਥਕੜੀ ਲਾ ਕੇ ਲੱਭ ਰਹੇ ਹਨ। ਇਸ ਦੇ ਨਾਲ ਹੀ ਕੁਝ ਤਸਵੀਰਾਂ 'ਚ ਏਅਰਪੋਰਟ ਦੇ ਸ਼ੀਸ਼ੇ 'ਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਸ਼ੀਸ਼ੇ 'ਤੇ ਇਕ ਨਹੀਂ ਸਗੋਂ ਚਾਰ ਗੋਲੀਆਂ ਦੇ ਨਿਸ਼ਾਨ ਦੇਖੇ ਗਏ। ਹਾਲਾਂਕਿ ਜਾਣਕਾਰੀ ਮੁਤਾਬਕ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਹਨ।
ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਸੁਰੱਖਿਆ ਚੌਕੀ 'ਤੇ ਹੀ ਹਥਿਆਰਾਂ ਸਮੇਤ ਫੜਿਆ ਗਿਆ, ਜਿਸ ਤੋਂ ਬਾਅਦ ਉਸ ਨੇ ਹਵਾ 'ਚ ਇਕ ਤੋਂ ਬਾਅਦ ਇਕ ਫਾਇਰ ਕੀਤੇ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਹਵਾਈ ਅੱਡੇ 'ਤੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਹਾਜ਼ਾਂ ਦੀਆਂ ਉਡਾਣਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਜਹਾਜ਼ 'ਚ ਬੈਠੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਜਹਾਜ਼ ਦੇ ਉਡਾਣ ਭਰਨ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ।