ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਅੱਜ ਏ.ਐਸ.ਆਈ (ਐਲ.ਆਰ.) ਚਰਨਜੀਤ ਸਿੰਘ (ਨੰਬਰ 1144/ਫਰੀਦਕੋਟ) ਅਤੇ ਹਰਨੀਤ ਸਿੰਘ ਸਰਪੰਚ ਪਿੰਡ ਘੁੱਦੂ ਵਾਲਾ, ਫਰੀਦਕੋਟ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ। ਇਸੇ ਤਰਾਂ ਦੂਜੇ ਕੇਸ ਚ ਮੁਹਾਲੀ ਜਿਲੇ ਦੇ ਇੱਕ ਪਟਵਾਰੀ ਅਤੇ ਨੰਬਰਦਾਰ 'ਤੇ ਰਿਸ਼ਵਤ ਲੈਣ ਦਾ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਇਹ ਮਾਮਲਾ ਰਾਜਵੀਰ ਸਿੰਘ ਪਿੰਡ ਸਾਦਿਕ ਜ਼ਿਲ੍ਹਾ ਫਰੀਦਕੋਟ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਏਐਸਆਈ ਚਰਨਜੀਤ ਸਿੰਘ ਅਤੇ ਗੁਰਜੰਟ ਸਿੰਘ ਪਿੰਡ ਘੁੱਦੂ ਵਾਲਾ ਦੀ ਸਤਪਾਲ ਸਿੰਘ ਵਾਸੀ ਪਿੰਡ ਕੁੰਡੂ ਵਾਲਾ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਸਬੰਧੀ ਗੱਲਬਾਤ ਹੋਈ ਸੀ। ਉਸ ਨੇ ਇਹ ਦੋਸ਼ ਵੀ ਲਾਇਆ ਹੈ ਕਿ ਮੁਲਜ਼ਮ ਏਐਸਆਈ ਨੇ ਸੱਤਪਾਲ ਸਿੰਘ ਖ਼ਿਲਾਫ਼ ਨਾਜਾਇਜ਼ ਸ਼ਰਾਬ ਕੱਢਣ ਬਦਲੇ ਕੋਈ ਕਾਰਵਾਈ ਨਾ ਕਰਨ ਲਈ ਹਰਨੀਤ ਸਿੰਘ ਸਰਪੰਚ ਰਾਹੀਂ 40 ਹਜ਼ਾਰ ਰੁਪਏ ਲਏ ਹਨ।
ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਬਿਊਰੋ ਨੇ ਕਾਨੂੰਨੀ ਸਲਾਹ ਦੇ ਆਧਾਰ 'ਤੇ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ 8 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਰਾਹੁਲ ਅਤੇ ਨੰਬਰਦਾਰ ਜੈਕ ਰਾਮ ਪਿੰਡ ਮਾਜਰੀਆਂ ਤਹਿਸੀਲ ਮਾਜਰੀ, ਜ਼ਿਲ੍ਹਾ ਮੁਹਾਲੀ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਮਰਾਜ ਵਾਸੀ ਪਿੰਡ ਜੈਅੰਤੀ ਮਾਜਰੀ ਜ਼ਿਲ੍ਹਾ ਮੁਹਾਲੀ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਪਰੋਕਤ ਪਟਵਾਰੀ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜ਼ਮੀਨ ਉਸ ਦੇ ਨਾਂ ’ਤੇ ਕਰਵਾਉਣ ਲਈ ਨੰਬਰਦਾਰ ਰਾਹੀਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਉਕਤ ਦੋਸ਼ੀ ਪਟਵਾਰੀ ਅਤੇ ਨੰਬਰਦਾਰ ਦੋਵਾਂ ਖਿਲਾਫ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।