ਪਟਨਾ: ਬਿਹਾਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਜੇਡੀਯੂ ਨੇ ਬੀਜੇਪੀ ਨਾਲੋਂ ਗੱਠਜੋੜ ਤੋੜ ਲਿਆ ਹੈ। ਕਈ ਦਿਨਾਂ ਦੀ ਚਰਚਾ ਤੋਂ ਬਾਅਦ ਅੱਜ ਸਭ ਕੁਝ ਸਾਫ਼ ਹੋ ਗਿਆ ਹੈ। ਜੇਡੀਯੂ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ਨਾਲ ਗਠਜੋੜ ਟੁੱਟ ਗਿਆ ਹੈ।
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਅਸਤੀਫਾ ਦੇਣਗੇ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਦੀ ਮੁਲਾਕਾਤ ਹੋਣ ਵਾਲੀ ਹੈ। ਇਸ ਤੋਂ ਮਗਰੋ ਦੋਵੇਂ ਰਾਜ ਭਵਨ ਜਾ ਸਕਦੇ ਹਨ।
ਦੂਜੇ ਪਾਸੇ JDU ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਲਾਲੂ ਪ੍ਰਸਾਦ ਯਾਦਵ ਵੀ ਹਰ ਐਂਗਲ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਹਾਲਾਂਕਿ ਤੇਜਸਵੀ ਯਾਦਵ ਸਭ ਕੁਝ ਕਰ ਰਹੇ ਹਨ। ਦੂਜੇ ਪਾਸੇ ਬਿਹਾਰ ਵਿੱਚ ਐਨਡੀਏ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਕੋਰ ਗਰੁੱਪ ਦੀ ਮੀਟਿੰਗ ਕਰਨ ਜਾ ਰਹੀ ਹੈ। ਇਸ ਲਈ ਪੰਜ ਵਜੇ ਦਾ ਸਮਾਂ ਰੱਖਿਆ ਗਿਆ ਹੈ।
ਦੂਜੇ ਪਾਸੇ ਬਿਹਾਰ 'ਚ ਭਾਜਪਾ ਨੇਤਾ ਅਤੇ ਉਦਯੋਗ ਮੰਤਰੀ ਸ਼ਾਹਨਵਾਜ਼ ਹੁਸੈਨ ਨੂੰ ਇਸ ਮੁੱਦੇ 'ਤੇ ਸਵਾਲ ਪੁੱਛਿਆ ਗਿਆ ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਕਾਨੂੰਨ ਦਾ ਰਾਜ ਹੈ। ਜਦੋਂ ਉਨ੍ਹਾਂ ਤੋਂ ਬਿਹਾਰ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਵੇਲੇ ਉਦਯੋਗ ਮੰਤਰੀ ਵਜੋਂ ਗੱਲ ਕਰ ਰਹੇ ਹਨ। ਬਿਹਾਰ ਵਿੱਚ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਨਾ ਹੀ ਉਸ ਨੂੰ ਕਿਸੇ ਨੇ ਬੁਲਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਐਨਡੀਏ ਵਿੱਚ ਵਿਸ਼ਵਾਸ ਜਤਾਇਆ ਹੈ।