ਨਿਊ ਸਾਊਥ ਵੇਲਜ਼ ਵਿੱਚ ਸਵਾ ਤਿੰਨ ਸੌ ਤਕ ਪੁੱਜੇ ਕੋਰੋਨਾ ਮਾਮਲੇ, ਨਵੀਂ ਤਾਲਾਬੰਦੀ
ਨਿਊ ਸਾਊਥ ਵੇਲਜ਼ : ਬੀਤੇ 24 ਘੰਟਿਆਂ ਦੌਰਾਨ ਰਾਜ ਵਿਚ ਕੋਰੋਨਾ ਦੇ ਨਵੇਂ 319 ਮਾਮਲੇ ਮਿਲੇ ਹਨ। ਇਥੇ ਇਹ ਵੀ ਪਤਾ ਲੱਗਾ ਹੈ ਕਿ ਹੁਣ ਤਕ 5 ਜਣਿਆਂ ਦੀ ਮੌਤ ਹੋ ਗਈ ਹੈ। ਨਵੇਂ ਮਾਮਲਿਆਂ ਵਿੱਚ 194 ਕੋਰੋਨਾ ਕੇਸਾਂ ਦੇ ਸ੍ਰੋਤਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਤੋਂ ਇਲਾਵਾ 83 ਨਾਗਰਿਕ ਸਮਾਜਿਕ ਤੌਰ ’ਤੇ ਘੁੰਮਦੇ ਫਿਰਦੇ ਰਹੇ ਹਨ ਅਤੇ ਇਸੇ ਲਈ ਕੋਰੋਨਾ ਪੀੜਤ ਬਣ ਗਏ ਹਨ। ਆਰਮੀਡੇਲ ਖੇਤਰ ਵਿੱਚ ਅੱਜ ਸ਼ਾਮ ਦੇ 5 ਵਜੇ ਤੋਂ ਅਗਲੇ 7 ਦਿਨਾਂ ਤੱਕ ਦਾ ਤਾਲਾਬੰਦੀ ਲਾਈ ਜਾ ਰਹੀ ਹੈ। ਇਸੇ ਤਰ੍ਹਾਂ ਵਿਕਟੋਰੀਆ ਰਾਜ ਦੇ ਸਿਹਤ ਅਧਿਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ 29 ਨਵੇਂ ਮਾਮਲੇ ਮਿਲੇ ਹਨ। ਜਾਣਕਾਰੀ ਅਨੁਸਾਰ ਰਾਜ ਅੰਦਰ ਬੀਤੇ ਵੀਰਵਾਰ ਤੋਂ ਅਗਲੇ 7 ਦਿਨਾਂ ਤੱਕ ਦਾ ਲਾਕਡਾਊਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਇੱਕ ਹੋਰ ਨਵਾਂ ਮਾਮਲਾ ਅਲ-ਤਕਵਾ ਕਾਲੇਜ (ਮੈਲਬੋਰਨ) ਵਿੱਚ ਵੀ ਮਿਲਿਆ ਹੈ।
ਕੁਈਨਜ਼ਲੈਂਡ ਵਿੱਚ ਮਿਲੇ ਕੋਰੋਨਾ ਦੇ ਹੋਰ ਮਾਮਲੇ
ਲੰਘੇੇ 24 ਘੰਟਿਆਂ ਦੌਰਾਨ ਕੁਈਨਜ਼ਲੈਂਡ ਅੰਦਰ ਕੋਰੋਨਾ ਦੇ 13 ਨਵੇਂ ਮਾਮਲੇ ਮਿਲੇ ਹਨ। ਇਸ ਸਬੰਧੀ ਜਾਣਕਾਰੀ ਵਧੀਕ ਪ੍ਰੀਮੀਅਰ -ਸਟੀਵਨ ਮਾਈਲਜ਼ ਵੱਲੋਂ ਸਾਂਝੀ ਕੀਤੀ ਗਈ ਹੈ। ਇਥੇ ਦਸ ਦਈਏ ਕਿ ਇਕ ਨਵੇਂ ਮਾਮਲੇ ਨੂੰ ਛੱਡ ਕੇ ਬਾਕੀ ਸਾਰੇ ਪਹਿਲਾਂ ਵਾਲੇ ਮਾਮਲਿਆਂ ਨਾਲ ਸਬੰਧਤ ਹਨ। ਮਤਲਬ ਕਿ ਇਹ ਅੱਜ ਵਾਲੇ ਕੋਰੋਨਾ ਮਾਮਲੇ ਇੰਡੂਰੂਪਿਲੀ ਕਲਸਟਰ ਨਾਲ ਜੁੜੇ ਹਨ। ਹੁਣ ਇੱਕ ਹਫ਼ਤੇ ਦੀ ਤਾਲਾਬੰਦੀ ਐਤਵਾਰ ਨੂੰ ਸ਼ਾਮ ਦੇ 4 ਵਜੇ ਤਕ ਖਤਮ ਹੋਣ ਦੀ ਸੰਭਾਵਨਾ ਹੈ।