India Vs West Indies: ਵੈਸਟਇੰਡੀਜ਼ ਖਿਲਾਫ ਸੇਂਟ ਕਿਟਸ ਵਿੱਚ ਦੇਰ ਰਾਤ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਬੁਰੀ ਤਰ੍ਹਾਂ ਅਸਫਲ ਰਹੇ ਅਤੇ ਉਹ ਮੈਚ ਦੀ ਪਹਿਲੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਦੇ ਨਾਂ ਇੱਕ ਅਣਚਾਹੇ ਰਿਕਾਰਡ ਵੀ ਦਰਜ ਹੋ ਗਿਆ ਹੈ। ਰੋਹਿਤ ਸ਼ਰਮਾ ਭਾਰਤ ਲਈ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਵਾਰ ਆਊਟ ਹੋਣ ਵਾਲਾ ਖਿਡਾਰੀ ਹੈ। ਇਹ 8ਵੀਂ ਵਾਰ ਸੀ ਜਦੋਂ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤਿਆ। ਰੋਹਿਤ ਸ਼ਰਮਾ ਤੋਂ ਬਾਅਦ ਇਸ ਲਿਸਟ 'ਚ ਕੇਐੱਲ ਰਾਹੁਲ ਦਾ ਨੰਬਰ ਆਉਂਦਾ ਹੈ। ਕੇਐਲ ਰਾਹੁਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਚਾਰ ਵਾਰ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਚੁੱਕੇ ਹਨ।
ਹਾਲਾਂਕਿ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਦਾ ਨਾਂ ਇਕ ਹੋਰ ਖਾਸ ਸੂਚੀ 'ਚ ਆਉਂਦਾ ਹੈ। ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ 4 ਸੈਂਕੜੇ ਲਗਾਏ ਹਨ। ਇਸ ਮਾਮਲੇ 'ਚ ਵੀ ਕੇਐੱਲ ਰਾਹੁਲ ਦੂਜੇ ਨੰਬਰ 'ਤੇ ਹਨ। ਰਾਹੁਲ ਨੇ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋ ਸੈਂਕੜੇ ਲਗਾਏ ਹਨ। ਮੈਚ ਦੀ ਗੱਲ ਕਰੀਏ ਤਾਂ ਸੇਂਟ ਕਿਟਸ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਭਾਰਤੀ ਬੱਲੇਬਾਜ਼ਾਂ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਭਾਰਤ ਦੀ ਪੂਰੀ ਟੀਮ 19.4 ਓਵਰਾਂ ਵਿੱਚ 138 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਮੈਚ ਵਿੱਚ ਭਾਰਤ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਵੈਸਟਇੰਡੀਜ਼ ਨੇ ਇਹ ਟੀਚਾ 19.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਬੜੀ ਆਸਾਨੀ ਨਾਲ ਹਾਸਲ ਕਰ ਲਿਆ।