Monkeypox Challenge : ਅਮਰੀਕਾ ਨੇ ਵੀਰਵਾਰ ਨੂੰ ਮੰਕੀਪੌਕਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ। ਇਹ ਐਲਾਨ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਸੰਘੀ ਫੰਡਿੰਗ ਅਤੇ ਸਰੋਤਾਂ ਨੂੰ ਚੈਨਲਾਈਜ਼ ਕਰਨ ਵਿੱਚ ਮਦਦ ਕਰੇਗੀ। ਏਐਫਪੀ ਮੁਤਾਬਕ ਸਿਹਤ ਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਜੇਵੀਅਰ ਬੇਸੇਰਾ ਨੇ ਕਿਹਾ ਕਿ ਅਸੀਂ ਇਸ ਵਾਇਰਸ ਪ੍ਰਤੀ ਆਪਣੀ ਪ੍ਰਤੀਕ੍ਰਿਆ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਤਿਆਰ ਹਾਂ, ਅਸੀਂ ਹਰ ਅਮਰੀਕੀ ਨੂੰ ਮੰਕੀਪੌਕਸ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਵਾਇਰਸ ਨਾਲ ਲੜਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਆਖਦੇ ਹਾਂ। ਇਹ ਐਲਾਨ ਸ਼ੁਰੂ ਵਿੱਚ 90 ਦਿਨਾਂ ਲਈ ਪ੍ਰਭਾਵੀ ਰਹੇਗਾ ਪਰ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਵੀਰਵਾਰ ਨੂੰ ਦੇਸ਼ ਭਰ ਵਿੱਚ 6,600 ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ ਲਗਭਗ ਇੱਕ ਚੌਥਾਈ ਨਿਊਯਾਰਕ ਰਾਜ ਦੇ ਸਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਪ੍ਰਕੋਪ ਵਿੱਚ ਅਸਲ ਸੰਖਿਆ ਬਹੁਤ ਜ਼ਿਆਦਾ ਹੋ ਸਕਦੀ ਹੈ ।
ਇਹ ਐਲਾਨ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਬਿਡੇਨ ਪ੍ਰਸ਼ਾਸਨ ਨੂੰ ਮੰਕੀਪੌਕਸ ਵੈਕਸੀਨ ਦੀ ਉਪਲਬਧਤਾ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਵੱਡੇ ਸ਼ਹਿਰਾਂ ਦੇ ਕਲੀਨਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਨੂੰ ਪੂਰਾ ਕਰਨ ਲਈ ਦੋ-ਡੋਜ਼ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਮਿਲੀਆਂ ਹਨ। ਕਈਆਂ ਨੂੰ ਪਹਿਲੀ ਖੁਰਾਕ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੂਜੀ ਖੁਰਾਕ ਦੇਣਾ ਵੀ ਬੰਦ ਕਰਨਾ ਪਿਆ।