ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਬਲਪੁਰ ਦੇ ਐਸਪੀ ਸਿਧਾਰਥ ਬਹੁਗੁਣਾ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਲੋਕ ਹਸਪਤਾਲ ਦੇ ਸਟਾਫ਼ ਦੇ ਹਨ। ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਮਗਰੋਂ ਹਸਪਤਾਲ 'ਚ ਹਫ਼ੜਾ -ਡਫੜੀ ਮਚ ਗਈ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਅੱਧੀ ਦਰਜਨ ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਟਵੀਟ ਕੀਤਾ। 'ਸੂਬਾ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ।ਜ਼ਖਮੀਆਂ ਦੇ ਸਾਰੇ ਇਲਾਜ਼ ਦਾ ਖਰਚਾ ਵੀ ਸਰਕਾਰ ਸਹਿਣ ਕਰੇਗੀ। ਜ਼ਿਕਰਯੋਗ ਹੈ ਕਿ ਗੋਹਲਪੁਰ ਥਾਣਾ ਖੇਤਰ ਦੇ ਚੰਡਾਲ ਭਾਟਾ ਇਲਾਕੇ ਦੇ ਨਿਊ ਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਗਈ। ਜ਼ਿਆਦਾਤਰ ਲੋਕ ਅੰਦਰ ਹੀ ਫਸ ਗਏ ਕਿਉਂਕਿ ਹਸਪਤਾਲ ਤੋਂ ਬਾਹਰ ਨਿਕਲਣ ਦਾ ਇਕ ਹੀ ਰਸਤਾ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ 'ਤੇ ਕਾਬੂ ਨਹੀਂ ਪਾ ਸਕੀਆਂ। ਬਾਅਦ ਵਿੱਚ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਤਾਂ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਸਾਲ 2021 ਵਿੱਚ ਨਵੰਬਰ ਮਹੀਨੇ ਵਿੱਚ ਭੋਪਾਲ ਦੇ ਕਮਲਾ ਨਹਿਰੂ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਅੱਗ ਲੱਗ ਗਈ ਸੀ। ਇਸ ਭਿਆਨਕ ਅੱਗ ਕਾਰਨ ਚਾਰ ਬੱਚਿਆਂ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਕਮਲਾ ਨਹਿਰੂ ਹਸਪਤਾਲ ਦੇ ਡਾਇਰੈਕਟਰ ਸਮੇਤ ਤਿੰਨ ਮੈਡੀਕਲ ਅਫਸਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। ਗਾਂਧੀ ਮੈਡੀਕਲ ਕਾਲਜ ਅਤੇ ਹਮੀਦੀਆ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਸਰਕਾਰੀ ਕਮਲਾ ਨਹਿਰੂ ਹਸਪਤਾਲ ਦੇ ਸਪੈਸ਼ਲ ਨਿਊਬੋਰਨ ਕੇਅਰ ਯੂਨਿਟ (ਐਸਐਨਸੀਯੂ) ਵਿੱਚ ਪਿਛਲੇ ਸਾਲ 8 ਨਵੰਬਰ ਦੀ ਰਾਤ ਕਰੀਬ 8:35 ਵਜੇ ਅੱਗ ਲੱਗ ਗਈ ਸੀ।