ਨਵੀਂ ਦਿੱਲੀ : ਭਾਰਤ ਵਿਚ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਜਾਣੇ ਜਾਂਦੇ ਮੇਜਰ ਧਿਆਨਚੰਦ ਨੇ ਭਾਰਤ ਨੂੰ ਦੁਨੀਆ 'ਚ ਵੱਖਰੀ ਪਛਾਣ ਦਿਵਾਈ ਤੇ ਹੁਣ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਭ ਤੋਂ ਵੱਡਾ ਸਨਮਾਨ ਦਿੰਦੇ ਹੋਏ ਉਨ੍ਹਾਂ ਦੇ ਨਾਂ 'ਤੇ ਖੇਡ ਦੇ ਸਭ ਤੋਂ ਵੱਡੇ ਐਵਾਰਡ ਦਾ ਨਾਂ ਰੱਖਣ ਦਾ ਐਲਾਨ ਕੀਤਾ ਹੈ। ਖੇਲ ਰਤਨ ਐਵਾਰਡ ਖੇਡਾਂ ਦੀ ਦੁਨੀਆ 'ਚ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਦਾ ਨਾਂ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹੈ ਜਿਸ ਨੂੰ ਹੁਣ ਬਦਲ ਕੇ ਮੇਜਰ ਧਿਆਨਚੰਦ ਖੇਲ ਰਤਨ ਐਵਾਰਡ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦੇਸ਼ਵਾਸੀਆਂ ਨੂੰ ਦਿੱਤੀ। ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਕੀਤੀ ਪੋਸਟ 'ਚ ਲਿਖਿਆ ਗਿਆ ਹੈ ਕਿ ਮੇਜਰ ਧਿਆਚੰਦ ਭਾਰਤ ਦੇ ਮਹਾਨ ਖਿਡਾਰੀਆਂ ਵਿਚੋਂ ਹਨ ਤੇ ਉਨ੍ਹਾਂ ਦੇ ਨਾਂ 'ਤੇ ਖੇਡ ਦੇ ਸਭ ਤੋਂ ਵੱਡੇ ਐਵਾਰਡ ਦਾ ਨਾਂ ਰੱਖਿਆ ਜਾਣਾ ਹੀ ਠੀਕ ਹੋਵੇਗਾ। ਪੀਐੱਮ ਦੇ ਟਵਿੱਟਰ ਹੈਂਡਲ 'ਤੇ ਇਸ ਵੱਡੇ ਸੰਦੇਸ਼ ਨੂੰ ਹਿੰਦੀ ਤੇ ਅੰਗਰੇਜ਼ੀ ਦੋਵਾਂ 'ਚ ਹੀ ਜਾਰੀ ਕੀਤਾ ਗਿਆ ਹੈ। ਮੇਜਰ ਧਿਆਨਚੰਦ ਨੇ ਭਾਰਤੀ ਹਾਕੀ ਨੂੰ ਪੂਰੀ ਦੁਨੀਆ ਵਿਚ ਮਸ਼ਹੂਰ ਕੀਤਾ। ਓਲੰਪਿਕ 'ਚ ਭਾਰਤ ਨੂੰ ਕਈ ਗੋਲਡ ਮੈਡਲ ਦਿਵਾਉਣ ਵਾਲੇ ਇਸ ਖਿਡਾਰੀ ਦੇ ਹਾਕੀ ਸਟਿੱਕ ਨੂੰ ਮੈਗਨੇਟ ਦਾ ਮੰਨਿਆ ਜਾਂਦਾ ਸੀ। ਅਜਿਹਾ ਕਿਹਾ ਜਾਂਦਾ ਸੀ ਕਿ ਜੇਕਰ ਇਕ ਵਾਰ ਗੇਂਦ ਉਨ੍ਹਾਂ ਕੋਲ ਚਲੀ ਜਾਵੇ ਤਾਂ ਉਹ ਸਟਿੱਕ ਨਾਲ ਚੁੰਬਕ ਵਾਂਗ ਚਿੰਬੜ ਜਾਂਦੀ ਹੈ ਤਾਂ ਕਿਸੇ ਵੀ ਵਿਰੋਧੀ ਦਾ ਇਸ ਨੂੰ ਖੋਹ ਸਕਣਾ ਨਾਮੁਮਕਿਨ ਜਿਹਾ ਹੋ ਜਾਂਦਾ ਸੀ।