ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਜਹਾਜ਼ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਬਾੜਮੇਰ ਦੇ ਭੀਮਦਾ ਪਿੰਡ ਵਿੱਚ ਮਿਗ-21 ਕਰੈਸ਼ ਹੋ ਗਿਆ ਹੈ। ਲੋਕਾਂ ਨੇ ਜ਼ੋਰਦਾਰ ਧਮਾਕੇ ਨਾਲ ਅੱਗ ਦੀਆਂ ਵੱਡੀਆਂ ਲਾਟਾਂ ਦੇਖੀਆਂ। ਮਿਗ-21 ਕਰੈਸ਼ ਹੋਣ ਦੀ ਸੂਚਨਾ ਮਿਲਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਹਾਜ਼ ਦਾ ਮਲਬਾ ਵੀ ਅੱਧੇ ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਿਆ। ਪ੍ਰਸ਼ਾਸਨ ਮੌਕੇ 'ਤੇ ਰਵਾਨਾ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ।ਹਾਦਸੇ ਤੋਂ ਬਾਅਦ ਹਾਦਸੇ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਲੋਕ ਬੰਧੂ ਨੇ ਕਿਹਾ, "ਇਹ ਹਵਾਈ ਸੈਨਾ ਦਾ ਇੱਕ ਜਹਾਜ਼ ਸੀ ਜੋ ਭੀਮਦਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਮਿਗ-21 ਟ੍ਰੇਨਰ ਜਹਾਜ਼ ਦੇ ਦੋਵੇਂ ਪਾਇਲਟਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ। ਭਾਰਤੀ ਹਵਾਈ ਸੈਨਾ ਡੂੰਘਾ ਅਫਸੋਸ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।