ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇਕ ਵਾਰ ਫਿਰ ਧਮਾਕੇ ਨਾਲ ਹਿੱਲ ਗਈ ਹੈ। ਇਸ ਵਾਰ ਬੁੱਧਵਾਰ ਨੂੰ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਨੇੜੇ ਬੰਬ ਧਮਾਕਾ ਹੋਇਆ ਹੈ। ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਇਸ ਪਵਿੱਤਰ ਸਥਾਨ 'ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਜਿਸ ਵਿੱਚ ਕਈ ਲੋਕ ਮਾਰੇ ਗਏ ਸਨ। ਇਸ ਹਮਲੇ ਬਾਰੇ ਵਰਲਡ ਫੋਰਮ ਆਫ ਇੰਡੀਆ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਹੋਰ ਵੇਰਵਿਆਂ ਦੀ ਉਡੀਕ ਹੈ। ਅਫਗਾਨਿਸਤਾਨ ਨੇ ਅਗਸਤ 2021 'ਚ ਤਾਲਿਬਾਨ ਦੇ ਸੱਤਾ 'ਚ ਆਉਣ ਮਗਰੋਂ ਨਾਗਰਿਕਾਂ ਨੂੰ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਸੀ ਪਰ ਦੇਸ਼ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲੇ ਨਾ ਸਿਰਫ ਇਸ ਦਾਅਵੇ ਨੂੰ ਬੇਨਕਾਬ ਕਰ ਰਹੇ ਹਨ, ਸਗੋਂ ਇਹ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਦੇ ਮੁੜ ਸ਼ੁਰੂ ਹੋਣ ਦੀ ਚਿੰਤਾ ਵੀ ਵਧਾ ਰਹੇ ਹਨ।