ਨਵੀਂ ਦਿੱਲੀ : ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਮਮਤਾ ਬੈਨਰਜੀ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਆਪਕ ਭਰਤੀ ਮਾਮਲੇ ਸਬੰਧੀ ਛਾਪੇਮਾਰੀ ਤੇ ਪੁੱਛਗਿੱਛ ਤੋਂ ਮਗਰੋਂ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਨੇ ਉਨ੍ਹਾਂ ਦੇ ਕਰੀਬੀ ਦੋਸਤਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸ਼ੁੱਕਰਵਾਰ 22 ਜੁਲਾਈ ਨੂੰ ਈਡੀ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਮੰਤਰੀਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇਹ ਛਾਪੇਮਾਰੀ ਅਜੇ ਵੀ ਜਾਰੀ ਹੈ। ਈਡੀ ਨੇ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਘਰੋਂ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ ਸੀ।
ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਤੋਂ ਪਿਛਲੇ ਕਈ ਘੰਟਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਜਿਸ ਦੌਰਾਨ ਈਡੀ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਮੰਤਰੀ ਜਵਾਬ ਨਹੀਂ ਦੇ ਸਕੇ। ਜਿਸ ਮਗਰੋਂ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪੱਛਮੀ ਬੰਗਾਲ ਸਰਕਾਰ ਦੇ ਮੰਤਰੀਆਂ ਵਿਰੁੱਧ ਕੀਤੀ ਜਾ ਰਹੀ ਇਹ ਸਾਰੀ ਕਾਰਵਾਈ ਅਧਿਆਪਕ ਭਰਤੀ ਘੁਟਾਲੇ ਨਾਲ ਸਬੰਧਤ ਹੈ। ਇਹ ਭਰਤੀ ਪ੍ਰਕਿਰਿਆ ਸਾਲ 2016 ਵਿੱਚ ਸ਼ੁਰੂ ਹੋਈ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜਾਅਲੀ ਤਰੀਕੇ ਨਾਲ ਦਾਖਲਾ ਲੈਣ ਲਈ ਓਐਮਆਰ ਸ਼ੀਟ ਵਿੱਚ ਹੇਰਾਫੇਰੀ ਕੀਤੀ ਗਈ ਸੀ।
ਦੱਸ ਦੇਈਏ ਕਿ ਈਡੀ ਮਮਤਾ ਦੇ ਇੱਕ ਹੋਰ ਮੰਤਰੀ ਪਰੇਸ਼ ਅਧਿਕਾਰੀ ਦੇ ਘਰ ਛਾਪੇਮਾਰੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਕਰੀਬੀ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਭਰਤੀ ਘੁਟਾਲੇ ਨਾਲ ਸਬੰਧਤ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਪਾਰਥ ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਪੁੱਛਗਿੱਛ ਲਈ ਉਸ ਦਾ ਰਿਮਾਂਡ ਮੰਗ ਸਕਦੀ ਹੈ।