ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਸਿੰਗਾਪੁਰ ਓਪਨ ਦਾ ਖਿਤਾਬ ਜਿੱਤਿਆ ਹੈ। ਫਾਈਨਲ ਮੁਕਾਬਲੇ ਵਿੱਚ ਉਸ ਨੇ ਚੀਨ ਦੀ ਵਾਂਗ ਜੀ ਯੀ ਨੂੰ 21-9, 11-21, 21-15 ਨਾਲ ਹਰਾਇਆ। ਇਹ ਪਹਿਲੀ ਵਾਰ ਹੈ ਜਦ ਸਿੰਧੂ ਨੇ ਸਿੰਗਾਪੁਰ ਓਪਨ ਦਾ ਖਿਤਾਬ ਜਿੱਤਿਆ ਹੈ। ਤੀਜਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਇਸ ਮੈਚ ਵਿੱਚ ਪਹਿਲੀ ਗੇਮ ਇੱਕਤਰਫਾ ਅੰਦਾਜ਼ ਵਿੱਚ ਜਿੱਤੀ ਪਰ ਵਾਂਗ ਨੇ ਦੂਜੀ ਗੇਮ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਤੀਸਰੇ ਗੇਮ ਵਿੱਚ ਬਰਾਬਰੀ ਦਾ ਮੁਕਾਬਲਾ ਹੋਇਆ, ਜਿੱਥੇ ਸਿੰਧੂ ਨੇ ਆਖਰੀ ਵਿੱਚ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲੇ 'ਚ ਸਿੰਧੂ ਨੇ ਜਾਪਾਨ ਦੀ ਸਾਇਨਾ ਕਾਵਾਕਾਮੀ ਨੂੰ 21-15, 21-7 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਦੇ ਨਾਲ ਹੀ ਵਾਂਗ ਨੇ ਜਾਪਾਨ ਦੀ ਅਯਾ ਅਹੋਰੀ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਇਸ ਸਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ ਉਸ ਨੇ ਇਸ ਸਾਲ ਸਈਅਦ ਮੋਦੀ ਇੰਟਰਨੈਸ਼ਨਲ ਅਤੇ ਸਵਿਸ ਓਪਨ ਦਾ ਖਿਤਾਬ ਵੀ ਜਿੱਤਿਆ ਹੈ। ਹੁਣ ਇਸ 27 ਸਾਲਾ ਖਿਡਾਰੀ ਨੇ ਸਿੰਗਾਪੁਰ ਓਪਨ ਦਾ ਸੁਪਰ 500 ਖਿਤਾਬ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਲਈ ਵੀ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਹੈ।