ਨਵੀਂ ਦਿੱਲੀ : ਦਿੱਲੀ ਲੋਕਾਯੁਕਤ ਹਰੀਸ਼ ਚੰਦਰ ਮਿਸ਼ਰਾ ਨੇ ਆਪ ਦੇ ਸੀਨੀਅਰ ਨੇਤਾ ਸਤੇਂਦਰ ਜੈਨ 'ਤੇ ਬੇਨਾਮੀ ਜਾਇਦਾਦ ਦਾ ਦੋਸ਼ ਲਗਾਉਣ ਦੇ ਮਾਮਲੇ 'ਚ ਸਬੂਤ ਪੇਸ਼ ਨਾ ਕਰਨ 'ਤੇ ਸ਼ਿਕਾਇਤਕਰਤਾ ਅਤੇ ਵਕੀਲ ਨੀਰਜ 'ਤੇ 50,000 ਰੁਪਏ ਦਾ ਜੁਰਮਾਨਾ ਲਾਇਆ ਹੈ। ਸ਼ਿਕਾਇਤਕਰਤਾ ਨੀਰਜ ਨੇ ਸਾਲ 2017 'ਚ ਦਿੱਲੀ ਲੋਕਾਯੁਕਤ ਨੂੰ ਸ਼ਿਕਾਇਤ ਕੀਤੀ ਸੀ ਅਤੇ 'ਆਪ' ਦੇ ਸੀਨੀਅਰ ਨੇਤਾ ਸਤੇਂਦਰ ਜੈਨ 'ਤੇ ਬੇਨਾਮੀ ਜਾਇਦਾਦ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਸੀ। ਆਪ ਦਾ ਦਾਅਵਾ ਹੈ ਕਿ ਸ਼ਿਕਾਇਤਕਰਤਾ ਅੱਜ ਤੱਕ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਨਾਲ ਹੀ ਆਪ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਲੋਕਾਯੁਕਤ ਨੇ 50,000 ਰੁਪਏ ਦਾ ਜੁਰਮਾਨਾ ਲਗਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ 'ਆਪ' ਨੇਤਾਵਾਂ 'ਤੇ ਸਿਰਫ ਝੂਠੇ ਦੋਸ਼ ਲਗਾਉਂਦੀ ਹੈ, ਪਰ ਅਦਾਲਤ 'ਚ ਕੋਈ ਸਬੂਤ ਰੱਖਣ ਤੋਂ ਅਸਮਰੱਥ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਤੇਂਦਰ ਜੈਨ ਦੇ ਵਕੀਲ ਅਮਿਤ ਆਨੰਦ ਤਿਵਾਰੀ ਦਾ ਕਹਿਣਾ ਹੈ ਕਿ ਦਿੱਲੀ ਲੋਕਾਯੁਕਤ ਨੇ ਸ਼ਿਕਾਇਤਕਰਤਾ ਅਤੇ ਵਕੀਲ ਨੀਰਜ ਨੂੰ ਸਖਤ ਤਾੜਨਾ ਕੀਤੀ ਹੈ ਅਤੇ ਸਤੇਂਦਰ ਜੈਨ 'ਤੇ ਬੇਨਾਮੀ ਜਾਇਦਾਦ ਦਾ ਝੂਠਾ ਦੋਸ਼ ਲਗਾਉਣ ਲਈ ਉਸ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ।