Bill Gates : ਦੁਨੀਆ ਦੇ ਚੌਥੇ ਸਭ ਤੋਂ ਅਮੀਰ ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ 20 ਬਿਲੀਅਨ ਡਾਲਰ ਦਾਨ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਗੇਟਸ ਨੇ ਕੋਰੋਨਾ ਵਾਇਰਸ ਮਹਾਮਾਰੀ ਤੇ ਹੋਰ ਸਮੱਸਿਆਵਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਆਪਣੀ ਫਾਊਂਡੇਸ਼ਨ ਨੂੰ ਇਹ ਰਕਮ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਦਾਨ ਨਾਲ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਕੋਲ ਲਗਪਗ 70 ਬਿਲੀਅਨ ਡਾਲਰ ਦਾ ਫੰਡ ਜਮ੍ਹਾ ਹੋਇਆ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੈਰਿਟੀ ਸੰਸਥਾਵਾਂ ਵਿੱਚੋਂ ਇੱਕ ਹੈ। ਬਰਕਸ਼ਾਇਰ ਹੈਥਵੇ ਦੇ ਮੁਖੀ ਅਤੇ ਅਮਰੀਕਾ ਦੇ ਦਿੱਗਜ਼ ਨਿਵੇਸ਼ਕ ਵਾਰੇਨ ਬਫੇਟ ਨੇ ਵੀ ਬੀਤੇ ਮਹੀਨੇ ਗੇਟਸ ਫਾਊਂਡੇਸ਼ਨ ਨੂੰ 3.1 ਬਿਲੀਅਨ ਡਾਲਰ ਦਾਨ ਦੇਣ ਦਾ ਐਲਾਨ ਕੀਤਾ ਸੀ। ਗੇਟਸ ਨੇ ਉਮੀਦ ਜਤਾਈ ਕਿ ਹੋਰ ਧਨਾਢ ਲੋਕ ਵੀ ਇਸ ਸਬੰਧ ਵਿੱਚ ਚੈਰਿਟੀ ਲਈ ਸ਼ਾਮਲ ਹੋਣਗੇ। ਗੇਟਸ ਫਾਊਂਡੇਸ਼ਨ ਨੇ ਸਾਲ 2026 ਤੱਕ ਆਪਣੇ ਸਾਲਾਨਾ ਬਜਟ ਵਿੱਚ 50% ਦਾ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਫਾਊਂਡੇਸ਼ਨ ਨੂੰ ਉਮੀਦ ਹੈ ਕਿ ਵਧੇ ਹੋਏ ਖਰਚੇ ਦੀ ਵਰਤੋਂ ਸਿੱਖਿਆ ਪ੍ਰਦਾਨ ਕਰਕੇ, ਗਰੀਬੀ ਅਤੇ ਬੀਮਾਰੀਆਂ ਦੇ ਖਾਤਮੇ ਅਤੇ ਲਿੰਗ ਸਮਾਨਤਾ ਲਿਆ ਕੇ ਵਿਸ਼ਵਵਿਆਪੀ ਤਰੱਕੀ ਨੂੰ ਚਲਾਉਣ ਲਈ ਕੀਤੀ ਜਾਵੇਗੀ।