ਆਸਟ੍ਰੇਲੀਆ : ਅੰਦਰ ਪਿਛਲੇ 24 ਘੰਟਿਆਂ ਦੌਰਾਨ ਨਿਊ ਸਾਉਥ ਵੇਲਜ ਵਿਚ ਕੋਰੋਨਾ ਦੇ 262 ਨਵੇਂ ਮਾਮਲੇ ਮਿਲੇ ਹਨ ਅਤੇ 5 ਜਣਿਆਂ ਦੀ ਮੌਤ ਵੀ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਦਿਤੀ ਹੈ। ਮਰਨ ਵਾਲਿਆਂ ਵਿੱਚ 3 ਵਿਅਕਤੀ 60 ਸਾਲਾਂ ਦੇ ਸਨ ਅਤੇ ਇਕ 70 ਸਾਲਾਂ ਦਾ ਸੀ ਅਤੇ ਇਸ ਤੋਂ ਇਲਾਵਾ ਇਕ 80 ਸਾਲ ਦਾ ਵਿਅਕਤੀ ਵੀ ਹੈ। ਗਲੈਡੀਜÊਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਉਹ ਲੋਕ ਹਨ ਜਿਨ੍ਹਾਂ ਨੇ ਹਾਲੇ ਤੱਕ ਕੋਈ ਵੀ ਕੋਰੋਨਾ ਮਾਰੂ ਵੈਕਸੀਨ ਨਹੀਂ ਸੀ ਲਵਾਈ। ਪ੍ਰੀਮੀਅਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਕੋਰੋਨਾ ਵੈਕਸੀਨ ਲਵਾਉਣ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਸੇ ਤਰ੍ਹਾਂ ਕੁਈਨਜ਼ਲੈਂਡ ਰਾਜ ਵਿੱਚ ਲੰਘੇ 24 ਘੰਟਿਆਂ ਦੌਰਾਨ ਕੋਰੋਨਾ ਦੇ 16 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਸਭ ਮਾਮਲੇ ਡੈਲਟਾ ਵੇਰੀਐਂਟ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾ ਦਸਿਆ ਕਿ ਇਹ ਮਾਮਲੇ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ। ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦੱਖਣ-ਪੂਰਬੀ ਖੇਤਰ ਵਿਚਲੇ ਨਿਵਾਸੀਆਂ ਨੂੰ ਆਪਣੇ ਆਪਣੇ ਘਰਾਂ ਅੰਦਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਕਤ ਮਾਮਲਿਆਂ ਦੇ ਦਰਜ ਹੋਣ ਨਾਲ ਹੁਣ ਬ੍ਰਿਸਬੇਨ ਵਿਚਲੇ ਆਊਟਬ੍ਰੇਕ ਦੇ ਮਾਮਲਿਆਂ (ਡੈਲਟਾ ਵੇਰੀਐਂਟ) ਦੀ ਗਿਣਤੀ 79 ਹੋ ਗਈ ਹੈ। ਇਸ ਸਬੰਧੀ ਵਧੀਕ ਪ੍ਰੀਮੀਅਰ ਸਟੀਵਨ ਮਾਈਲਜ਼ ਦਾ ਕਹਿਣਾ ਹੈ ਕਿ ਉਕਤ 16 ਵਿਚੋਂ 12 ਵਿਅਕਤੀ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹਨ ਅਤੇ ਬਾਕੀਆਂ ਦੀ ਪੜਤਾਲ ਜਾਰੀ ਹੈ ਅਤੇ ਇਸ ਹਫ਼ਤੇ ਦੇ ਅਖੀਰ ਤੱਕ ਕਰੋਨਾ ਦੇ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਰਾਜ ਵਿੱਚ ਇਸ ਸਮੇਂ 7766 ਲੋਕ ਆਪਣੇ ਘਰਾਂ ਅੰਦਰ ਹੀ ਕੁਆਰਨਟੀਨ ਵਿੱਚ ਹਨ ਅਤੇ ਦੱਖਣ-ਪੂਰਬੀ, ਸੈਂਟਰਲ ਅਤੇ ਉਤਰੀ ਕੁਈਨਜ਼ਲੈਂਡ ਦੀਆਂ 200 ਦੇ ਕਰੀਬ ਥਾਂਵਾਂ ਨੂੰ ਸ਼ੱਕੀ ਸੂਚੀਆਂ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ।