ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਕੈਂਟ ਇਲਾਕੇ ‘ਚ 9 ਸਾਲਾਂ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ‘ਚ ਸਥਾਨਕ ਲੋਕਾਂ ਦਾ ਗੁੱਸਾ ਰੁਕਿਆ ਨਹੀਂ ਹੈ। ਲਗਾਤਾਰ ਤੀਜੇ ਦਿਨ ਬੁੱਧਵਾਰ ਨੂੰ ਇਸ ਵਾਰਦਾਤ ਨੂੰ ਲੈ ਕੇ ਜਾਰੀ ਪ੍ਰਦਰਸ਼ਨ ਵਿਚਕਾਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ।ਦਸ ਦਈਏ ਦਿੱਲੀ ਕੈਂਟ ਸ਼ਮਸ਼ਾਨ ‘ਚ 1 ਅਗਸਤ ਨੂੰ 9 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਹਮਲਾਵਰਾਂ ਨੇ ਉਸਦੀ ਲਾਸ਼ ਦਾ ਜਬਰਦਸਤੀ ਸਸਕਾਰ ਵੀ ਕਰ ਦਿੱਤਾ ਸੀ । ਰਾਹੁਲ ਗਾਂਧੀ ਨੇ ਬੱਚੀ ਦੇ ਮਾਪਿਆਂ ਨਾਲ ਕਾਰ ‘ਚ ਬੈਠ ਕੇ ਉਨ੍ਹਾਂ ਦੀ ਗੱਲ ਨੂੰ ਸੁਣਿਆ। ਰਾਹੁਲ ਗਾਂਧੀ ਨੇ ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੀੜਤ ਪਰਿਵਾਰ ਨਾਲ ਗੱਲ ਕੀਤੀ । ਉਹ ਸਿਰਫ ਨਿਆਂ ਚਾਹੁੰਦੇ ਹਨ ਹੋਰ ਕੁਝ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋਇਆ ਹੈ । ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਅਤੇ ਅਸੀਂ ਅਜਿਹਾ ਕਰਾਂਗੇ। ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ ਉਦੋਂ ਤੱਕ ਰਾਹੁਲ ਗਾਂਧੀ ਉਨ੍ਹਾਂ ਨਾਲ ਖੜ੍ਹਾ ਹੈ।