ਟੀਮ ਇੰਡੀਆ ਨੇ ਉਮਰਾਨ ਮਲਿਕ ਨੂੰ ਡਬਲਿਨ 'ਚ ਖੇਡੇ ਜਾਣ ਵਾਲੇ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਹੈ। ਉਮਰਾਨ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਮੈਚ ਖੇਡਣਗੇ। ਉਹ ਇੱਕ ਤੇਜ਼ ਗੇਂਦਬਾਜ਼ ਹੈ ਅਤੇ ਉਸਨੇ ਆਈਪੀਐਲ 2022 ਦੌਰਾਨ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਜੰਮੂ-ਕਸ਼ਮੀਰ ਦੇ ਉਮਰਾਨ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਕਪਤਾਨ ਹਾਰਦਿਕ ਤੇ ਟੀਮ ਪ੍ਰਬੰਧਨ ਨੇ ਉਸ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ। ਉਸਦਾ ਹੁਣ ਤੱਕ ਦਾ ਰਿਕਾਰਡ ਚੰਗਾ ਰਿਹਾ ਹੈ।
ਉਮਰਾਨ ਆਈਪੀਐਲ 2022 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਹਿੱਸਾ ਸੀ। ਉਸ ਨੇ ਇਸ ਸੀਜ਼ਨ ਦੌਰਾਨ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਤੋੜ ਦਿੱਤਾ। ਉਮਰਾਨ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਹ ਚੰਗਾ ਰਿਹਾ ਹੈ। ਉਸ ਨੇ ਹੁਣ ਤੱਕ ਖੇਡੇ ਗਏ 22 ਟੀ-20 ਮੈਚਾਂ 'ਚ 33 ਵਿਕਟਾਂ ਲਈਆਂ ਹਨ। ਜਦਕਿ ਉਸ ਨੇ ਪਹਿਲੀ ਸ਼੍ਰੇਣੀ ਮੈਚਾਂ ਦੀਆਂ 5 ਪਾਰੀਆਂ 'ਚ 7 ਵਿਕਟਾਂ ਲਈਆਂ ਹਨ। ਉਹ ਲਿਸਟ ਏ 'ਚ ਵੀ ਮੈਚ ਖੇਡ ਚੁੱਕਾ ਹੈ। ਹੁਣ ਉਹ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗਾ। ਭਾਰਤੀ ਟੀਮ ਆਇਰਲੈਂਡ ਦੇ ਦੌਰੇ 'ਤੇ ਹੈ ਅਤੇ ਇੱਥੇ ਦੋ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਦੇ ਲਈ ਟੀਮ ਇੰਡੀਆ ਨੇ ਉਮਰਾਨ ਦੇ ਨਾਲ ਕਈ ਹੋਰ ਨੌਜਵਾਨ ਖਿਡਾਰੀਆਂ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਪਰ ਪਹਿਲੇ ਮੈਚ ਦੀ ਪਲੇਇੰਗ ਇਲੈਵਨ ਵਿੱਚ ਸਿਰਫ਼ ਉਮਰਾਨ ਨੂੰ ਹੀ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਨੂੰ ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਭੁਵਨੇਸ਼ਵਰ ਕੁਮਾਰ ਨੇ ਡੈਬਿਊ ਕੈਪ ਦਿੱਤੀ। ਇਸ ਦੌਰਾਨ ਟੀਮ ਦੇ ਖਿਡਾਰੀਆਂ ਦੇ ਨਾਲ ਸਹਿਯੋਗੀ ਸਟਾਫ ਵੀ ਮੌਜੂਦ ਸੀ।