ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਕੇਸ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਪੰਜਾਬ ਪੁਲਿਸ ਮੁਖੀ ਸਮੁੇਧ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਅਗਾਂਊ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਸੈਣੀ ਨੇ ਫ਼ਰੀਦਕੋਟ ਅਦਾਲਤ ਵੱਲੋਂ ਜ਼ਮਾਨਤ ਰੱਦ ਕੀਤੇ ਜਾਣ ’ਤੇ ਹਾਈ ਕੋਰਟ ’ਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ ਤੇ ਇਸੇ ’ਤੇ ਸੁਣਵਾਈ ਕਰਦਿਆਂ ਜਸਟਿਸ ਅਵਨੀਸ਼ ਝੀਂਗਣ ਦੀ ਬੈਂਚ ਨੇ ਪਹਿਲਾਂ ਅੰਤ੍ਰਾਰਿਮ ਜਮਾਨਤ ਦਿੱਤੀ ਸੀ, ਜਿਹੜੀ ਕਿ ਅੱਜ ਤੱਕ ਜਾਰੀ ਰੱਖੀ ਗਈ ਸੀ। ਹੁਣ ਅਗਾਂਊ ਜਮਾਨਤ ਦਿੰਦਿਆਂ ਹੁਕਮ ਦਿੱਤਾ ਗਿਆ ਹੈ ਕਿ ਇਸ ਕੇਸ ਵਿੱਚ ਗਿਰਫ਼ਤਾਰ ਕਰਨ ਤੋਂ ਪਹਿਲਾਂ ਸੈਣੀ ਨੂੰ ਸੱਤ ਦਿਨ ਦਾ ਨੋਟਿਸ ਦੇਣਾ ਪਵੇਗਾ। ਸੈਣੀ ਦੇ ਵਕੀਲ ਨੇ ਜਮਾਨਤ ਅਰਜੀ ਵਿਚ ਕਿਹਾ ਸੀ ਕਿ ਉਸ ਨੇ ਪੰਜਾਬ ਵਿਚ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਸੀ ਤੇ ਉਹ ਵਿਜੀਲੈਂਸ ਬਿਊਰੋ ਦਾ ਮੁਖੀ ਵੀ ਰਿਹਾ ਤੇ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਬੇਟੇ ਅਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਕੈਬੀਨਟ ਮੰਤਰੀਆਂ ਤੇ ਕਾਂਗਰਸੀ ਆਗੂਆਂ ਵਿਰੁੱਧ ਤੇ ਕਈ ਅਸਰਦਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਤੇ ਸੈਣੀ ਦੀ ਇਸ ਕਾਰਗੁਜਾਰੀ ਨਾਲ ਉਕਤ ਵਿਅਕਤੀਆਂ ਨੂੰ ਖੁੰਦਕ ਸੀ ਤੇ ਉਹ ਇਨ੍ਹਾਂ ਮਾਮਲਿਆਂ ਵਿਚ ਝੂਠਾ ਫਸਾਉਣ ਦਾ ਦੋਸ਼ ਲਗਾਉਣ ਲੱਗ ਪਏ। ਕਿਹਾ ਸੀ ਕਿ ਇਨ੍ਹਾਂ ਕਾਰਣਾਂ ਕਰ ਕੇ ਹੀ ਸੈਣੀ ਵਿਰੁੱਧ ਰਾਜਸੀ ਮੰਦਭਾਵਨਾ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਜਦੋਂਕਿ ਰਾਜਸੀ ਸਖਸ਼ੀਅਤਾਂ ਵਿਰੁੱਧ ਸੈਣੀ ਵੱਲੋਂ ਕੀਤੀ ਕਾਰਵਾਈ ਉਨ੍ਹਾਂ ਆਪਣੀਆਂ ਸੇਵਾਵਾਂ ਦੇਣ ਵਜੋਂ ਕੀਤੀ ਸੀ। ਇਹ ਵੀ ਕਿਹਾ ਸੀ ਕਿ ਸੈਣੀ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹੀ ਆਪਣੀ ਸੇਵਾਵਾਂ ਦਿੱਤੀਆਂ, ਲਿਹਾਜਾ ਉਨ੍ਹਾਂ ਨੂੰ ਅਗਾਉ ਜਮਾਨਤ ਦਿੱਤੀ ਜਾਣੀ ਚਾਹੀਦੀ ਹੈ।