ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਿੱਖ ਗੁਰਦੁਆਰਾ ਕਰਤ-ਏ-ਪਰਵਾਨ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ISKP ਧੜੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ISKP ਨੇ ਕਿਹਾ ਹੈ ਕਿ ਇਹ ਹਮਲਾ ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ 'ਤੇ ਦਿੱਤੇ ਗਏ ਅਪਮਾਨਜਨਕ ਬਿਆਨਾਂ ਦੇ ਜਵਾਬ 'ਚ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰਨੇਡ ਅਤੇ ਰਾਈਫਲਾਂ ਨਾਲ ਲੈਸ ਅੱਤਵਾਦੀ ਗੁਰਦੁਆਰੇ 'ਚ ਦਾਖਲ ਹੋਏ ਅਤੇ ਇਕ ਤੋਂ ਬਾਅਦ ਇਕ 13 ਧਮਾਕੇ ਕੀਤੇ।
ਚੀਨ ਦੀ ਸਥਾਨਕ ਸਮਾਚਾਰ ਏਜੰਸੀ ਸਿਨਹੂਆ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ, 'ਅਸੀਂ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਕਰਤ-ਏ-ਪਰਵਾਨ ਇਲਾਕੇ 'ਚ ਧਮਾਕੇ ਦੀ ਆਵਾਜ਼ ਸੁਣੀ। ਦੂਜਾ ਧਮਾਕਾ ਪਹਿਲੇ ਧਮਾਕੇ ਤੋਂ ਅੱਧੇ ਘੰਟੇ ਬਾਅਦ ਹੋਇਆ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਹਤਿਆਤ ਵਜੋਂ ਇਲਾਕੇ ਨੂੰ ਘੇਰ ਲਿਆ ਹੈ।
ਚਸ਼ਮਦੀਦਾਂ ਮੁਤਾਬਕ ਧਮਾਕੇ ਕਾਰਨ ਅਸਮਾਨ 'ਚ ਧੂੰਏਂ ਦਾ ਗੁਬਾਰ ਫੈਲ ਗਿਆ। ਹਮਲੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ, "ਧਮਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਸੁਰੱਖਿਆ ਬਲਾਂ ਵੱਲੋਂ ਚੇਤਾਵਨੀ ਦੇ ਤੌਰ 'ਤੇ ਕਈ ਗੋਲੀਆਂ ਚਲਾਈਆਂ ਗਈਆਂ।" ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿਚ ਸਿਰਫ 140 ਸਿੱਖ ਬਚੇ ਹਨ, ਜ਼ਿਆਦਾਤਰ ਪੂਰਬੀ ਸ਼ਹਿਰ ਜਲਾਲਾਬਾਦ ਅਤੇ ਰਾਜਧਾਨੀ ਕਾਬੁਲ ਵਿਚ ਹਨ।
ਇਸ ਤੋਂ ਪਹਿਲਾਂ ਮਾਰਚ 2020 ਵਿੱਚ ਕਾਬੁਲ ਵਿੱਚ ਇੱਕ ਗੁਰਦੁਆਰੇ ਉੱਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 25 ਸਿੱਖ ਮਾਰੇ ਗਏ ਸਨ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਇਹ ਹਮਲਾ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ 'ਤੇ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਸੀ। ਅੱਤਵਾਦੀ ਸਮੂਹ ਇਸਲਾਮਿਕ ਸਟੇਟ (IS) ਨੇ ਸ਼ੋਰ ਬਾਜ਼ਾਰ ਇਲਾਕੇ 'ਚ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।